ਨੌਕਰੀਆਂ ਦੀ ਥਾਂ ਡਾਂਗਾਂ ਤੇ ਇਨਸਾਫ਼ ਦੀ ਥਾਂ ਤਸ਼ੱਦਦ ਕਰਨਾ ਜਾਇਜ਼ ਨਹੀਂ : ਪ੍ਰੋ. ਚੰਦੂਮਾਜਰਾ

Monday, Mar 09, 2020 - 01:11 PM (IST)

ਚੰਡੀਗੜ੍ਹ (ਅਸ਼ਵਨੀ) : ਪਟਿਆਲਾ 'ਚ ਰੋਜ਼ਗਾਰ ਮੰਗ ਰਹੇ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ 'ਤੇ ਹੋਏ ਲਾਠੀਚਾਰਜ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦਾ ਨੌਕਰੀਆਂ ਦੀ ਥਾਂ ਡਾਂਗਾਂ ਅਤੇ ਇਨਸਾਫ਼ ਦੀ ਥਾਂ ਤਸ਼ੱਦਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਜਿਹੜਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਨਾ ਕਰਨ 'ਤੇ ਬੇਰੋਜ਼ਗਾਰਾਂ ਨੂੰ ਨਹਿਰ 'ਚ ਛਾਲਾਂ ਮਾਰਨੀਆਂ ਪੈ ਰਹੀਆਂ ਹਨ, ਜੋ ਕਿ ਸੂਬੇ ਦੀ ਇਕ ਵਿਸਫੋਟਕ ਸਥਿਤੀ ਹੈ। ਇਹ ਸਰਕਾਰ ਲਈ ਇਕ ਚਿਤਾਵਨੀ ਵੀ ਹੈ ਕਿ ਰੋਜ਼ਗਾਰ ਮੰਗ ਰਹੇ ਨੌਜਵਾਨਾਂ 'ਤੇ ਡਾਂਗਾਂ ਨਾ ਵਰ੍ਹਾਈਆਂ ਜਾਣ ਸਗੋਂ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਜ਼ਰੀਏ ਹੱਲ ਕੱਢਣਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦਰਜਨਾਂ ਵਿਭਾਗਾਂ ਦੇ ਮੁਲਾਜ਼ਮ ਸੜਕਾਂ 'ਤੇ ਰੁਲ ਰਹੇ ਹਨ। ਆਪਣੀ ਗੱਲ ਸੁਣਾਉਣ ਲਈ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਬੇਧਿਆਨ ਹੈ ਪਰ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹੱਕ ਮੰਗ ਰਹੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਲੋਕਾਂ ਨੂੰ ਹੱਕ ਦਿਵਾ ਕੇ ਰਹੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਹੱਕ ਮੰਗ ਰਹੇ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ 'ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ। ਅਜਿਹਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।


Anuradha

Content Editor

Related News