ਅੰਡਰਬ੍ਰਿਜ ਨੇ ਦਿੱਤੀ ਰਾਹਤ ਤਾਂ ਸੋਢਲ ਰੋਡ ਬਣੀ ਆਫਤ
Monday, Aug 21, 2017 - 05:57 AM (IST)

ਜਲੰਧਰ, (ਖੁਰਾਣਾ)- ਸ਼ਹਿਰ ਵਿਚ ਅੱਜ ਹੋਈ ਬਰਸਾਤ ਕਾਰਨ ਜਿਥੇ ਸ਼ਹਿਰ ਦੇ ਹੇਠਲੇ ਖੇਤਰਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਅੱਧਾ ਸ਼ਹਿਰ ਦੂਜੇ ਹਿੱਸੇ ਤੋਂ ਕੱਟਿਆ ਗਿਆ ਪਰ ਇਸ ਸਥਿਤੀ ਵਿਚ ਅੱਜ ਉੱਤਰੀ ਵਿਧਾਨ ਸਭਾ ਖੇਤਰ ਵਿਖੇ ਸਥਿਤ ਚੰਦਨ ਨਗਰ ਅੰਡਰਬ੍ਰਿਜ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ। ਅੱਜ ਅੰਡਰਬ੍ਰਿਜ ਦੀਆਂ ਮੋਟਰਾਂ ਅਤੇ ਪੰਪ ਆਦਿ ਨੇ ਸਹੀ ਤਰੀਕੇ ਨਾਲ ਕੰਮ ਕੀਤਾ, ਜਿਸ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਅੰਡਰਬ੍ਰਿਜ ਵਿਚ ਜ਼ਰਾ ਜਿਹਾ ਵੀ ਪਾਣੀ ਇਕੱਠਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਅੰਡਰਬ੍ਰਿਜ ਦੇ ਥੱਲੇ ਵੱਡੇ-ਵੱਡੇ ਸਟੋਰੇਜ ਟੈਂਕ ਬਣਾਏ ਗਏ ਹਨ, ਜਿਥੋਂ ਬਰਸਾਤੀ ਪਾਣੀ ਨੂੰ ਪੰਪ ਦੁਆਰਾ ਚੁੱਕ ਕੇ ਉਪਰ ਬਣੇ ਡਿਸਪੋਜ਼ਲ ਵਿਚ ਲਿਜਾਇਆ ਜਾਂਦਾ ਹੈ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਅੱਜ ਅੰਡਰਬ੍ਰਿਜ ਖੇਤਰ ਦਾ ਦੌਰਾ ਕਰ ਕੇ ਇਸ ਦੇ ਪ੍ਰਬੰਧਾਂ ਨੂੰ ਦੇਖਿਆ। ਦੂਜੇ ਪਾਸੇ ਉੱਤਰੀ ਵਿਧਾਨ ਸਭਾ ਖੇਤਰ ਵਿਚ ਹੀ ਸਥਿਤ ਸੋਢਲ ਰੋਡ ਅੱਜ ਸਭ ਤੋਂ ਜ਼ਿਆਦਾ ਆਫਤ ਵਾਲਾ ਖੇਤਰ ਸਿੱਧ ਹੋਇਆ, ਜਿਥੇ ਇੰਨਾ ਪਾਣੀ ਜਮ੍ਹਾ ਸੀ ਕਿ ਕਈ ਕਾਰਾਂ ਛੱਤ ਤਕ ਪਾਣੀ ਵਿਚ ਡੁੱਬ ਗਈਆਂ। ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਹੋਣ ਕਾਰਨ ਅੱਜ ਚਾਹੇ ਦੁਕਾਨਾਂ ਬੰਦ ਸਨ ਪਰ ਮੀਂਹ ਦਾ ਪਾਣੀ ਉਨ੍ਹਾਂ ਦੁਕਾਨਾਂ ਦੇ ਅੰਦਰ ਵੜਨ ਕਾਰਨ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ।
ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਸਟਾਰਮ ਵਾਟਰ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਰਵਾਇਆ ਗਿਆ ਸੀ ਪਰ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਗਿਆ।