ਕੋਟਪਾ ਐਕਟ ਤਹਿਤ 21 ਦੇ ਕੱਟੇ ਚਲਾਨ, 2990 ਰੁਪਏ ਵਸੂਲੇ

12/21/2017 7:08:41 AM

ਕਪੂਰਥਲਾ, (ਮਲਹੋਤਰਾ)- ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਦੀ ਰਹਿਨੁਮਾਈ ਹੇਠ ਗੈਰ ਕਾਨੂੰਨੀ ਢੰਗ ਨਾਲ ਤੰਬਾਕੂ ਤੇ ਉਸ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਦੇ ਚਲਾਨ ਕੱਟੇ ਗਏ। ਜ਼ਿਕਰਯੋਗ ਹੈ ਕਿ ਕੋਟਪਾ ਐਕਟ ਦੇ ਤਹਿਤ ਅੱਜ ਕਪੂਰਥਲਾ ਸ਼ਹਿਰ 'ਚ ਲੱਖਣ ਹਮੀਰਾ ਕਾਂਜਲੀ ਰੋਡ ਦੇ ਦੁਕਾਨਦਾਰਾਂ 'ਤੇ ਕਾਰਵਾਈ ਕੀਤੀ ਗਈ। 
ਜ਼ਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 2990 ਰੁਪਏ ਦੇ 21 ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਤੰਬਾਕੂ ਤੇ ਉਸ ਦੇ ਬਣੇ ਪਦਾਰਥਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਰਨਾ ਸਿਹਤ ਦੇ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਇਸ 'ਚ ਮੌਜੂਦ ਕੈਮੀਕਲਸ ਮੂੰਹ ਦੇ ਕੈਂਸਰ, ਫੇਫੜਿਆਂ ਦੇ ਕੈਂਸਰ ਦੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਸਿਗਰਟਨੋਸ਼ੀ ਦਾ ਨੁਕਸਾਨ ਪੀਣ ਵਾਲੇ ਨੂੰ ਤਾਂ ਹੁੰਦਾ ਹੀ ਹੈ, ਇਸ ਦਾ ਧੂੰਆਂ ਆਸ-ਪਾਸ ਵਾਲਿਆਂ ਲਈ ਵੀ ਖਤਰਨਾਕ ਹੈ। 
ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਤੇ ਕਿਸੇ ਨੂੰ ਵੀ ਇਸ ਐਕਟ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਏਗੀ। ਡਾ. ਕੁਲਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਸੈਂਟਰ 'ਚ ਤੰਬਾਕੂ ਮੁਕਤੀ ਕੇਂਦਰ ਵੀ ਖੋਲ੍ਹਿਆ ਗਿਆ ਹੈ ਜਿਸ 'ਚ ਤੰਬਾਕੂ ਛੱਡਣ ਦੇ ਚਾਹਵਾਨ ਲੋਕਾਂ ਦੀ ਕਾਊਂਸਲਿੰਗ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ।


Related News