ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ

12/10/2023 11:17:10 AM

ਅੰਮ੍ਰਿਤਸਰ (ਨੀਰਜ)- ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਇਕ ਵਾਰ ਫਿਰ ਆਸਮਾਨ ਵਿਚ ਸਵੇਰੇ ਅਤੇ ਰਾਤ ਸਮੇਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ ’ਚ ਧੁੰਦ ਜ਼ਿਆਦਾ ਨਹੀਂ ਪੈਂਦੀ ਹੈ ਪਰ ਦਿਹਾਤੀ ਅਤੇ ਸਰਹੱਦੀ ਇਲਾਕਿਆਂ ’ਚ ਧੁੰਦ ਕਾਫ਼ੀ ਸੰਘਣੀ ਪੈਂਦੀ ਹੈ। ਇਸ ਧੁੰਦ ਦੀ ਆੜ ਵਿਚ ਭਾਰਤ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ’ਚ ਸਰਗਰਮ ਸਮੱਗਲਰਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੱਤਾ ਹੈ ਅਤੇ ਹੈਰੋਇਨ ਤੇ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਇਧਰ-ਓਧਰ ਕਰਨ ਦੀ ਫਿਰਾਕ ’ਚ ਘੁੰਮ ਰਹੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਸਾਲ ਵਾਂਗ ਇਸ ਵਾਰ ਵੀ ਬੀ. ਐੱਸ. ਐੱਫ. ਸਮੇਤ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਏਜੰਸੀਆਂ ਅਲਰਟ ’ਤੇ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਨਫਰੀ ਨੂੰ ਵਧਾ ਦਿੱਤਾ ਗਿਆ ਹੈ ਅਤੇ ਦਿਨ-ਰਾਤ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਵਾਹਨਾਂ ਦੇ ਨਾਲ-ਨਾਲ ਘੋੜਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਸਰਹੱਦੀ ਬੀ. ਓ.ਪੀਜ਼ ’ਚ ਘੋੜੇ ਹੀ ਆਸਾਨੀ ਨਾਲ ਦੌੜ ਸਕਦੇ ਹਨ ਤਾਂ ਕਿ ਗਸ਼ਤ ਕਰਨ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਵੀ ਸਖ਼ਤ ਆਦੇਸ਼ ਹਨ ਕਿ ਬਾਰਡਰ ’ਤੇ ਨਸ਼ਿਆਂ ਦੀ ਸਮੱਗਲਿੰਗ ’ਤੇ ਪੂਰੀ ਤਰ੍ਹਾਂ ਲਗਾਮ ਲਾਈ ਜਾਵੇ।

ਇਹ ਵੀ ਪੜ੍ਹੋ-  ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ

ਵੱਡੇ ਡਰੋਨ ਦੀ ਬਜਾਏ ਉਡਾਏ ਜਾ ਰਹੇ ਛੋਟੇ ਡਰੋਨ

ਪਿਛਲੇ ਇਕ ਮਹੀਨੇ ਦੌਰਾਨ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸਮੱਗਲਰਾਂ ਵੱਲੋਂ ਵੱਡੇ ਡਰੋਨਜ਼ ਉਡਾਉਣ ਦੀ ਬਜਾਏ ਛੋਟੇ ਡਰੋਨਜ਼ ਉਡਾਏ ਜਾ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਵੱਡੇ ਡਰੋਨ ਜੋ 6 ਫੁੱਟ ਲੰਮੇ ਹੁੰਦੇ ਹਨ ਅਤੇ ਕਾਫੀ ਮਹਿੰਗੇ ਹੁੰਦੇ ਹਨ ਅਤੇ ਇਨ੍ਹਾਂ ਦੀ ਆਵਾਜ਼ ਵੀ ਕਾਫੀ ਜ਼ਿਆਦਾ ਹੁੰਦੀ ਹੈ। ਹਾਲਾਂਕਿ ਇਹ ਡਰੋਨ 500 ਮੀਟਰ ਤੱਕ ਉਡਾਣ ਭਰ ਲੈਂਦੇ ਹਨ ਪਰ ਜਦੋਂ ਬੀ. ਐੱਸ. ਐੱਫ. ਦੀਆਂ ਗੋਲੀਆਂ ਨਾਲ ਇਨ੍ਹਾਂ ਨੂੰ ਡੇਗ ਦਿੱਤਾ ਜਾਂਦਾ ਹੈ ਤਾਂ ਸਮੱਗਲਰਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਪਰ ਜੇਕਰ ਛੋਟੇ ਡਰੋਨ ਡਿੱਗ ਵੀ ਜਾਣ ਤਾਂ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਹੈ। ਇਸ ਲਈ ਸਮੱਗਲਰਾਂ ਵੱਲੋਂ ਛੋਟੇ ਡਰੋਨਜ਼ ਉਡਾਏ ਜਾ ਰਹੇ ਹਨ ਅਤੇ ਇਕ ਚੱਕਰ ਲਾਉਣ ਦੀ ਬਜਾਏ 4 ਤੋਂ 5 ਚੱਕਰ ਜਾਂ ਇਸ ਤੋਂ ਵੀ ਵੱਧ ਚੱਕਰ ਖੇਪ ਇੱਧਰ-ਓਧਰ ਨੂੰ ਕਰਨ ਲਈ ਲਾਏ ਜਾ ਰਹੇ ਹਨ।

PunjabKesari

ਬੀ. ਐੱਸ. ਐੱਫ. ਅਤੇ ਵਿਲੇਜ ਡਿਫੈਂਸ ਕਮੇਟੀਆਂ ਦਾ ਤਾਲਮੇਲ ਸਹੀ ਦਿਸ਼ਾ ’ਤੇ

ਕੇਂਦਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਦੋਂ ਤੋਂ ਦਿਹਾਤੀ ਪੁਲਸ ਵੱਲੋਂ ਸਰਹੱਦੀ ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਿਜੇਲ ਪੁਲਸ ਅਫ਼ਸਰ ਤਾਇਨਾਤ ਕੀਤੇ ਗਏ ਹਨ, ਉਦੋਂ ਤੋਂ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦਾ ਤਾਲਮੇਲ ਕਾਫੀ ਸਹੀ ਦਿਸ਼ਾ ’ਚ ਜਾ ਰਿਹਾ ਹੈ ਅਤੇ ਦੋਵੇਂ ਏਜੰਸੀਆਂ ਨੂੰ ਜੁਆਇੰਟ ਆਪ੍ਰੇਸ਼ਨਾਂ ਦੌਰਾਨ ਵੱਡੇ ਹਾਂ-ਪੱਖੀ ਨਤੀਜੇ ਵੀ ਮਿਲ ਰਹੇ ਹਨ। ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਡਰੋਨ ਦੀ ਦਿਸ਼ਾ ’ਚ ਪਿੰਡ ਦੇ ਲੋਕਾਂ ਦੀ ਮਦਦ ਨਾਲ ਸਰਚ ਅਭਿਆਨ ਚਲਾ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।

 ਇਹ ਵੀ ਪੜ੍ਹੋ-  ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ

ਸ਼ਹਿਰੀ ਇਲਾਕਿਆਂ ’ਚ ਵੀ ਪੁਲਸ ਨੇ ਵਧਾਈ ਚੌਕਸੀ

ਦਿਹਾਤੀ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ’ਚ ਵੀ ਪੁਲਸ ਵੱਲੋਂ ਸਖ਼ਤ ਚੌਕਸੀ ਕੀਤੀ ਜਾ ਰਹੀ ਹੈ ਅਤੇ ਰੋਜ਼ ਪ੍ਰਚੂਨ ’ਚ ਹੈਰੋਇਨ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਪਰ ਅੱਜ ਤੱਕ ਸ਼ਹਿਰੀ ਇਲਾਕਿਆਂ ਦੇ ਕਿੰਗਪਿਨ ਦਾ ਪਤਾ ਨਹੀਂ ਲੱਗ ਰਿਹਾ ਹੈ ਜੋ ਹੈਰੋਇਨ ਦੀ ਵਿਕਰੀ ਦੀ ਖੇਡ ਪਿੱਛੇ ਰਹਿ ਕੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ। ਹਾਲਾਂਕਿ ਇਸ ਮਾਮਲੇ ’ਚ ਕਈ ਨਾਮੀ ਗੈਂਗਸਟਰਾਂ ਦਾ ਨਾਂ ਸਾਹਮਣੇ ਆਉਂਦਾ ਰਹਿੰਦਾ ਹੈ ਪਰ ਪੁਲਸ ਵੱਲੋਂ ਇਸ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਹੈ।

ਨਸ਼ਿਆਂ ਦੀ ਵਿਕਰੀ ਰੋਕਣ ਲਈ ਪ੍ਰਸ਼ਾਸਨ ਵੀ ਕਰ ਰਿਹਾ ਮਦਦ

ਜ਼ਿਲ੍ਹੇ ’ਚ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਪੁਲਸ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਵਾਲੰਟੀਅਰਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੀ ਬੁਰਾਈ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ’ਚ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਹਾਸਲ ਕਰਨ ਵਾਲਾ ਕੰਟਰੋਲ ਰੂਮ ਤਿਆਰ ਨਹੀਂ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ ’ਚ ਇਹ ਵੀ ਸੰਭਵ ਹੈ।

 ਇਹ ਵੀ ਪੜ੍ਹੋ- ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ

ਜੇਲ੍ਹ ਦਾ ਨੈੱਟਵਰਕ ਤੋੜਨ ’ਚ ਅਸਫ਼ਲ

ਕਈ ਵੱਡੇ ਸਮੱਗਲਰ ਜੇਲ੍ਹਾਂ ਦੇ ਅੰਦਰੋਂ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਰਹਿੰਦੇ ਹਨ ਪਰ ਸਰਕਾਰ ਦੇ ਸਾਕਾਰਤਮਕ ਯਤਨਾਂ ਦੇ ਬਾਵਜੂਦ ਜੇਲ੍ਹਾਂ ਅੰਦਰੋਂ ਮੋਬਾਈਲ ਫ਼ੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹਾਂ ਦੇ ਅੰਦਰੋਂ ਚੱਲ ਰਿਹਾ ਨੈੱਟਵਰਕ ਤੋੜਨ ਲਈ ਵੀ ਕਈ ਜ਼ੋਰਦਾਰ ਉਪਰਾਲੇ ਕਰਨ ਦੀ ਲੋੜ ਹੈ, ਜੋ ਕਿ ਫਿਲਹਾਲ ਨਹੀਂ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News