ਅਗਲੇ ਸਾਲ ਰਾਹੁਲ ਦੀ ਅਗਵਾਈ ''ਚ ਕੇਂਦਰ ''ਚ ਕਾਂਗਰਸ ਸਰਕਾਰ ਬਣਨੀ ਯਕੀਨੀ : ਅਮਰਿੰਦਰ

04/30/2018 7:18:38 AM

ਜਲੰਧਰ  (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 2019 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਨੀ ਯਕੀਨੀ ਹੈ। ਕਾਂਗਰਸ ਸਰਕਾਰ ਬਣਨ ਨਾਲ ਹੀ ਦੇਸ਼ 'ਚ ਵਪਾਰ ਅਤੇ ਉਦਯੋਗ ਦੇ ਖੇਤਰ 'ਚ ਨਵਾਂ ਦੌਰ ਸ਼ੁਰੂ ਹੋਵੇਗਾ। ਐਤਵਾਰ ਦਿੱਲੀ 'ਚ 'ਜਨ ਆਕ੍ਰੋਸ਼' ਰੈਲੀ 'ਚ ਸ਼ਾਮਲ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਦੇਸ਼ ਦੇ ਸਿਆਸੀ ਹਾਲਾਤ 'ਤੇ ਚਰਚਾ ਕੀਤੀ। ਸਟੇਜ 'ਤੇ ਪਹੁੰਚਦਿਆਂ ਹੀ ਰਾਹੁਲ ਜਦੋਂ ਹੋਰਨਾਂ ਕੇਂਦਰੀ ਆਗੂਆਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਸਮੇਂ ਉਨ੍ਹਾਂ ਕੈਪਟਨ ਨੂੰ ਗਲੇ ਲਾਇਆ ਅਤੇ ਪੰਜਾਬ ਅਤੇ ਉੁਨ੍ਹਾਂ ਦੇ ਪਰਿਵਾਰ ਸਬੰਧੀ ਹਾਲ-ਚਾਲ ਪੁੱਛਿਆ। ਕੈਪਟਨ ਨੇ ਰਾਹੁਲ ਗਾਂਧੀ ਨੂੰ ਅਗਲੇ ਸਾਲ ਲਈ ਪੰਜਾਬ ਵਲੋਂ ਸ਼ੁੱਭ-ਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸਫਲ ਕਰਾਰ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਥੇ ਲੋਕਾਂ ਦਾ ਵਿਸ਼ਾਲ ਇਕੱਠ ਪੁੱਜਾ ਹੈ, ਉਹ ਕਾਂਗਰਸ ਦੀ ਵਧਦੀ ਲੋਕਪ੍ਰਿਯਤਾ ਦਾ ਸਬੂਤ ਹੈ। ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਸਰਕਾਰ ਨੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ ਅਤੇ ਨਾ ਹੀ ਵਪਾਰੀਆਂ ਅਤੇ ਉਦਮੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।


Related News