ਬੈੱਡ ਹੇਠ ਬਣੇ ਬੰਕਰ ''ਚੋਂ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਕਾਬੂ
Thursday, Oct 05, 2017 - 05:58 AM (IST)
ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਬੈੱਡ ਹੇਠ ਬਣੇ ਬੰਕਰ ਵਿਚੋਂ ਨਾਜਾਇਜ਼ ਸ਼ਰਾਬ ਮਿਲਣ 'ਤੇ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਪਰ ਉਸਦਾ ਪਤੀ ਫਰਾਰ ਹੋ ਗਿਆ। ਥਾਣਾ ਸ੍ਰੀ ਚਮਕੌਰ ਸਾਹਿਬ ਦੇ ਪੁਲਸ ਮੁਖੀ ਇੰਸਪੈਕਟਰ ਰਾਜਨਪਾਲ ਨੇ ਦੱਸਿਆ ਕਿ ਪੁਲਸ ਨੇ ਇਤਲਾਹ 'ਤੇ ਪਿੰਡ ਖੋਖਰਾ ਵਿਚ ਛਾਪਾ ਮਾਰਿਆ, ਜਿਸ ਦੀ ਅਗਵਾਈ ਡੱਲਾ ਪੁਲਸ ਚੌਕੀ ਦੇ ਇੰਚਾਰਜ ਰਜਿੰਦਰ ਕੁਮਾਰ ਕਰ ਰਹੇ ਸਨ। ਉਨ੍ਹਾਂ ਨਾਲ ਵਿਜੈ ਕੁਮਾਰ, ਖੁਸ਼ਪ੍ਰੀਤ ਕੌਰ, ਸਰਬਜੀਤ ਸਿੰੰਘ ਤੇ ਬੱਲਮ ਸਿੰਘ ਆਦਿ ਮੁਲਾਜ਼ਮ ਵੀ ਸਨ। ਇਨ੍ਹਾਂ ਅੱਜ 11:30 ਵਜੇ ਉਪਰੋਕਤ ਪਿੰਡ ਦੇ ਇਕ ਘਰ ਨੂੰ ਘੇਰਾ ਪਾ ਲਿਆ ਤੇ ਤਲਾਸ਼ੀ ਉਪਰੰਤ ਪਤਾ ਲੱਗਾ ਕਿ ਘਰ ਵਿਚ ਬਣੇ ਬੈੱਡਰੂਮ ਵਿਚ ਪਏ ਬੈੱਡ ਹੇਠ ਇਕ ਬੰਕਰ ਬਣਾਇਆ ਹੋਇਆ ਸੀ, ਜਿਸ ਵਿਚੋਂ 70 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਇਸ ਦੇਸੀ ਸ਼ਰਾਬ ਨੂੰ ਅਪਣੇ ਘਰ ਵਿਚ ਹੀ ਪ੍ਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਤੇ ਉਸਦੀ ਪਤਨੀ ਰਚਨਾ ਵੇਚਦੇ ਸਨ। ਮੌਕੇ ਤੋਂ ਪ੍ਰਦੀਪ ਸਿੰਘ ਫਰਾਰ ਹੋ ਗਿਆ, ਜਦਕਿ ਉਸਦੀ ਪਤਨੀ ਰਚਨਾ ਨੂੰ ਪੁਲਸ ਨੇ ਕਾਬੂ ਕਰ ਲਿਆ। ਉਕਤ ਵਿਅਕਤੀ ਦੀ ਪੁਲਸ ਨੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਉਸਦੀ ਪਤਨੀ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ 'ਜਗ ਬਾਣੀ' 'ਚ ਉਪਰੋਕਤ ਪਿੰਡ ਵਿਚ ਨਾਜਾਇਜ਼ ਸ਼ਰਾਬ ਵੇਚਣ ਦੀਆਂ ਪਹਿਲਾ ਤੋਂ ਹੀ ਖਬਰਾਂ ਛਪ ਚੁੱਕੀਆਂ ਹਨ।
