ਅਲਟਰਾ ਸਾਊਂਡ ਦੀ ਰਿਪੋਰਟ ''ਚ ਦੱਸਿਆ ਗਰਭ ''ਚ ਪਲ ਰਹੇ 2 ਬੱਚੇ, ਪੈਦਾ ਹੋਇਆ 1

Tuesday, Mar 27, 2018 - 07:24 AM (IST)

ਅਲਟਰਾ ਸਾਊਂਡ ਦੀ ਰਿਪੋਰਟ ''ਚ ਦੱਸਿਆ ਗਰਭ ''ਚ ਪਲ ਰਹੇ 2 ਬੱਚੇ, ਪੈਦਾ ਹੋਇਆ 1

ਤਰਨਤਾਰਨ,   (ਰਮਨ, ਰਾਜੂ)-  ਸ਼ਹਿਰ ਦੇ ਅਲਟਰਾ ਸਾਊਂਡ ਸੈਂਟਰ ਵੱਲੋਂ ਇਕ ਗਰਭਵਤੀ ਔਰਤ ਦੀ ਅਲਟਰਾ ਸਾਊਂਡ ਰਿਪੋਰਟ ਗਲਤ ਦਿੱਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੀੜਤਾ ਦੇ ਪਤੀ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
 ਇਸ ਸਬੰਧੀ ਅਸ਼ੋਕ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਮੁਹੱਲਾ ਗੋਕਲ ਪੁਰਾ ਤਰਨਤਾਰਨ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਜਿੰਦਰ ਕੌਰ ਜੋ ਗਰਭਵਤੀ ਸੀ ਤੇ ਉਸ ਦਾ ਇਲਾਜ ਸਥਾਨਕ ਸਰਕਾਰੀ ਹਸਪਤਾਲ 'ਚ ਸ਼ੁਰੂ ਕੀਤਾ ਗਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਲਾਜ ਦੌਰਾਨ ਸਰਕਾਰੀ ਹਸਪਤਾਲ 'ਚ ਅਲਟਰਾ ਸਾਊਂਡ ਨਾ ਹੋਣ ਕਾਰਨ ਗੁਰਜਿੰਦਰ ਕੌਰ ਦਾ ਅਲਟਰਾ ਸਾਊਂਡ 20 ਸਤੰਬਰ 2017 ਨੂੰ ਸਥਾਨਕ ਸਾਹਿਬ ਨਰਸਿੰਗ ਹੋਮ ਤੋਂ ਕਰਵਾਇਆ ਤੇ ਫਿਰ ਡਾਕਟਰਾਂ ਦੇ ਕਹਿਣ 'ਤੇ ਦੋਬਾਰਾ 7 ਜਨਵਰੀ 2018 ਨੂੰ ਸਾਹਿਬ ਨਰਸਿੰਗ ਹੋਮ ਤੋਂ ਕਰਵਾਇਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਬੱਚਾ ਤੰਦਰੁਸਤ ਹੈ ਤੇ ਜਣੇਪੇ ਸਮੇਂ ਕੋਈ ਮੁਸ਼ਕਲ ਨਹੀਂ ਆਵੇਗੀ। ਜਦੋਂ ਉਨ੍ਹਾਂ ਨੇ ਤੀਸਰੀ ਵਾਰ ਰੋਹੀ ਕੰਡਾ ਨੇੜੇ ਮੌਜੂਦ ਮਾਡਰਨ ਡਾਇਗਨੌਸਟਿਕ ਸੈਂਟਰ ਤੋਂ ਅਲਟਰਾ ਸਾਊਂਡ ਕਰਵਾਇਆ ਤਾਂ ਇਸ ਦੀ ਰਿਪੋਰਟ 'ਚ ਇਹ ਦੱਸਿਆ ਗਿਆ ਕਿ ਗੁਰਜਿੰਦਰ ਕੌਰ ਦੇ ਗਰਭ 'ਚ ਇਕ ਨਹੀਂ ਬਲਕਿ ਦੋ ਬੱਚੇ ਪਲ ਰਹੇ ਹਨ।
 ਇਸ ਰਿਪੋਰਟ ਨੂੰ ਵੇਖ ਕੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜਣੇਪੇ ਦਾ ਕੇਸ ਕਰਨ ਤੋਂ ਅਸਮਰਥ ਦੱਸਦੇ ਹੋਏ ਕਿਹਾ ਕਿ ਗਰਭਵਤੀ ਔਰਤ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਜਿਸ ਨੂੰ ਸੁਣ ਕੇ ਉਹ ਆਪਣੀ ਪਤਨੀ ਨੂੰ ਸ਼ਹਿਰ ਦੇ ਕਈ ਨਿੱਜੀ ਹਸਪਤਾਲਾਂ 'ਚ ਜਣੇਪੇ ਲਈ ਲੈ ਕੇ ਗਿਆ ਪਰ ਮਾਡਰਨ ਸੈਂਟਰ ਦੀ ਰਿਪੋਰਟ ਨੂੰ ਵੇਖ ਕੇ ਸਾਰੇ ਡਾਕਟਰਾਂ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ।
ਹਾਲਤ ਜ਼ਿਆਦਾ ਵਿਗੜਦੀ ਵੇਖ ਉਹ ਆਪਣੀ ਪਤਨੀ ਨੂੰ ਸਥਾਨਕ ਸੰਧੂ ਹਸਪਤਾਲ ਵਿਖੇ 21 ਮਾਰਚ ਨੂੰ ਲੈ ਗਿਆ ਤੇ 23 ਮਾਰਚ ਨੂੰ ਗੁਰਜਿੰਦਰ ਦਾ ਆਪ੍ਰੇਸ਼ਨ ਕਰਨ ਤੋਂ ਬਾਅਦ ਉਸ ਦੀ ਕੁੱਖ 'ਚੋਂ ਸਿਰਫ ਇਕ ਲੜਕੇ ਨੇ ਜਨਮ ਲਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਡਰਨ ਡਾਈਗਨੌਸਟਿਕ ਸੈਂਟਰ ਦੀ ਗਲਤ ਰਿਪੋਰਟ ਕਾਰਨ ਉਸ ਦੀ ਪਤਨੀ ਦਾ ਆਪ੍ਰੇਸ਼ਨ ਕੀਤਾ ਗਿਆ ਜਦ ਕਿ ਕੇਸ ਨਾਰਮਲ ਹੋ ਸਕਦਾ ਸੀ। ਉਨ੍ਹਾਂ ਅੱਜ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਦੇ ਕੇ ਸੈਂਟਰ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
ਕੀ ਕਹਿੰਦੇ ਹਨ ਸੈਂਟਰ ਦੇ ਮਾਲਕ
ਮਾਡਰਨ ਅਲਟਰਾ ਸਾਊਂਡ ਦੇ ਮਾਲਕ ਤਰਸੇਮਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਿਸੇ ਤਕਨੀਕੀ ਕਾਰਨਾਂ ਕਰ ਕੇ ਰਿਪੋਰਟ ਵਿਚ ਗਲਤੀ ਹੋ ਗਈ ਹੈ, ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। 


Related News