ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ

Saturday, Feb 26, 2022 - 09:30 AM (IST)

ਖੰਨਾ (ਸੁਖਵਿੰਦਰ ਕੌਰ) : ਕਈ ਦਿਨਾਂ ਤੋਂ ਰੂਸ ਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਦੇ ਆਸਾਰ ਹੋਰ ਵੱਧਣ ਕਾਰਨ ਉਥੇ ਸਿੱਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੇ-ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਹਨ। ਅਜਿਹੇ ਹਾਲਾਤ ’ਚ ਉਨ੍ਹਾਂ ਮਾਪਿਆਂ ਦਾ ਦਰਦ ਸ਼ਬਦਾਂ ’ਚ ਬਿਆਨ ਨਹੀਂ ਕੀਤੀ ਜਾ ਸਕਦਾ, ਜਿਨ੍ਹਾਂ ਦੇ ਬੱਚੇ ਅਜਿਹੇ ਹਾਲਾਤ ’ਚ ਵਿਦੇਸ਼ ’ਚ ਫਸੇ ਹੋਣ। ਖੰਨਾ ਨਿਵਾਸੀ ਦਿਨੇਸ਼ ਵਿੱਜ ਤੇ ਮੀਨਾਕਸ਼ੀ ਵਿੱਜ ਦੀ ਖੁਸ਼ੀ ਦਾ ਵੀ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਯੂਕ੍ਰੇਨ ਪੜ੍ਹਨ ਗਈ ਉਨ੍ਹਾਂ ਦੀ ਧੀ ਕਸ਼ਿਸ਼ ਵਿੱਜ ਬੀਤੇ ਦਿਨ ਸੁਰੱਖਿਅਤ ਆਪਣੇ ਘਰ ਪਰਤੀ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)

ਖੰਨਾ ਦੇ ਸ਼ਿਵਪੁਰੀ ਮੁਹੱਲਾ ਵਿਖੇ ਰਹਿਣ ਵਾਲੇ ਭਾਜਪਾ ਆਗੂ ਦਿਨੇਸ਼ ਵਿਜ ਦੀ ਧੀ ਕਸ਼ਿਸ਼ ਵਿਜ ਜੋ ਕਿ ਯੂਕ੍ਰੇਨ ਐੱਮ. ਬੀ. ਬੀ. ਐੱਸ. ਕਰਨ ਗਈ ਸੀ ਤਾਂ ਉੱਥੇ ਹਾਲਾਤ ਖ਼ਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ, ਜਿਨ੍ਹਾਂ ’ਚ ਕਸ਼ਿਸ਼ ਵਿੱਜ ਵੀ ਸ਼ਾਮਲ ਸੀ। ਕਸ਼ਿਸ਼ ਨੇ ਦੱਸਿਆ ਕਿ ਉਹ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਤੇ ਦਸੰਬਰ 2020 ’ਚ ਉੱਥੇ ਗਈ ਸੀ, ਉਹ ਬੀਤੀ ਸਵੇਰੇ ਹੀ ਵਾਪਸ ਪਰਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਉਨ੍ਹਾਂ ਦੀ ਯੂਨੀਵਰਸਿਟੀ ਵੈਸਟਰਨ ਸਾਈਡ ’ਤੇ ਹੈ, ਜਿਸ ਦਾ ਬਾਰਡਰ ਰੋਮਾਨੀਆ ਨਾਲ ਲੱਗਦਾ ਹੈ। ਉਨ੍ਹਾਂ ਦੇ ਬੈਚ ਵਿਚ 600 ਤੋਂ ਜ਼ਿਆਦਾ ਵਿਦਿਆਰਥੀ ਹਨ, ਜਿਨ੍ਹਾਂ ’ਚੋਂ 70 ਫ਼ੀਸਦੀ ਤਾਂ ਆਪਣੇ ਘਰ ਵਾਪਸ ਪਹੁੰਚ ਗਏ ਹਨ ਤੇ 30 ਫ਼ੀਸਦੀ ਵਿਦਿਆਰਥੀ ਹੀ ਰਹਿੰਦੇ ਹਨ, ਜੋ ਜਲਦ ਹੀ ਆਪਣੇ-ਆਪਣੇ ਦੇਸ਼ਾਂ ’ਚ ਪਹੁੰਚ ਜਾਣਗੇ। ਉੱਥੇ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ, ਬੱਸ ਨੈੱਟਵਰਕਿੰਗ ਦੀ ਜ਼ਰੂਰ ਸਮੱਸਿਆ ਆ ਰਹੀ ਸੀ। ਕਸ਼ਿਸ਼ ਦੇ ਪਿਤਾ ਦਿਨੇਸ਼ ਵਿਜ ਨੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News