ਪੰਜਾਬੀ ਵਿਦਿਆਰਥੀ ਬੋਲੇ, ਰੂਸੀ ਫੌਜ ਤੋਂ ਬਚਣ ਲਈ ਭਾਰਤੀ ਵਿਦਿਆਰਥੀਆਂ ਨੂੰ ਢਾਲ ਵਜੋਂ ਵਰਤ ਰਹੀ ‘ਯੂਕ੍ਰੇਨੀ ਫੌਜ’

Saturday, Mar 05, 2022 - 01:25 PM (IST)

ਜਲੰਧਰ (ਪੁਨੀਤ)– ਭਾਰਤ ਸਰਕਾਰ ਵੱਲੋਂ ਯੂਕ੍ਰੇਨ ਵਿਚੋਂ ਕੱਢਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਸੁਰੱਖਿਅਤ ਆਪਣੇ ਵਤਨ ਨੂੰ ਰਵਾਨਾ ਹੋ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਵਾਪਸ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਜਿਹੜੇ ਵਿਦਿਆਰਥੀ ਜਾਣ ਦੀ ਜ਼ਿੱਦ ਕਰਦੇ ਹਨ, ਉਨ੍ਹਾਂ ਨਾਲ ਯੂਕ੍ਰੇਨ ਦੀਆਂ ਫੌਜਾਂ ਕੁੱਟਮਾਰ ਕਰਦੀਆਂ ਹਨ। ਇਹ ਦਾਸਤਾਨ ਪੰਜਾਬ ਦੇ ਵੱਖ-ਵੱਖ ਵਿਦਿਆਰਥੀਆਂ ਨੇ ਬਿਆਨ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜਿੱਥੇ ਵੀ ਭਾਰਤੀ ਵਿਦਿਆਰਥੀਆਂ ਦੇ ਹੋਣ ਦੀ ਖ਼ਬਰ ਮਿਲ ਰਹੀ ਹੈ, ਉਥੇ ਰੂਸੀ ਫੌਜਾਂ ਹਵਾਈ ਹਮਲੇ ਨਹੀਂ ਕਰ ਰਹੀਆਂ। ਇਸ ਕਾਰਨ ਯੂਕ੍ਰੇਨੀ ਫੌਜ ਨੇ ਰੂਸੀ ਫੌਜਾਂ ਤੋਂ ਬਚਣ ਲਈ ਭਾਰਤੀ ਵਿਦਿਆਰਥੀਆਂ ਨੂੰ ਢਾਲ ਵਜੋਂ ਵਰਤਦਿਆਂ ਆਪਣੇ ਨਾਲ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਚੋਣ ਨਤੀਜਿਆਂ ਤੋਂ ਪਹਿਲਾਂ ਸੀਟ ਵਾਰ ਮੁਲਾਂਕਣ ਕਰ ਰਹੀ ਕਾਂਗਰਸ

ਖਾਰਕੀਵ ਤੋਂ 40 ਕਿਲੋਮੀਟਰ ਦੂਰ ਇਲਾਕੇ ਵਿਚ ਫੋਨ ਜ਼ਰੀਏ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਖਾਰਕੀਵ ਯੂਨੀਵਰਸਿਟੀ ਵਿਚ ਪੜ੍ਹਦੇ ਹਨ ਅਤੇ ਉਥੇ 3-4 ਦਿਨਾਂ ਤੋਂ ਲਗਾਤਾਰ ਬੰਬਾਰੀ ਹੋ ਰਹੀ ਹੈ। ਇਸ ਕਾਰਨ ਉਨ੍ਹਾਂ ਨੇੜਲੇ ਇਲਾਕੇ ਵਿਚ ਸੁਰੱਖਿਅਤ ਥਾਵਾਂ ’ਤੇ ਪਨਾਹ ਲਈ ਹੋਈ ਸੀ। ਸ਼ੁੱਕਰਵਾਰ ਸਵੇਰੇ 4 ਵਜੇ ਦੇ ਲਗਭਗ ਯੂਕ੍ਰੇਨੀ ਲੋਕ ਪਹੁੰਚੇ, ਜਿਨ੍ਹਾਂ ਫੌਜ ਦੀ ਵਰਦੀ ਪਹਿਨੀ ਹੋਈ ਸੀ ਅਤੇ ਹੱਥਾਂ ਵਿਚ ਬੰਦੂਕਾਂ ਫੜੀਆਂ ਹੋਈਆਂ ਸਨ। ਉਨ੍ਹਾਂ ਨੂੰ ਬਾਰਡਰ ’ਤੇ ਲਿਜਾਣ ਦੀ ਗੱਲ ਕਹਿ ਕੇ ਉਹ ਨਾਲ ਲੈ ਕੇ ਚੱਲ ਪਏ। ਇਸ ਦੌਰਾਨ ਉਨ੍ਹਾਂ ਨੂੰ 15 ਕਿਲੋਮੀਟਰ ਦੂਰ ਬੰਕਰਾਂ ਵਿਚ ਬਿਠਾ ਦਿੱਤਾ ਗਿਆ। ਰਸਤੇ ਵਿਚ ਥਾਂ-ਥਾਂ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਸਨ। ਸਵੇਰੇ ਜਿਉਂ-ਜਿਉਂ ਦਿਨ ਚੜ੍ਹਨਾ ਸ਼ੁਰੂ ਹੋਇਆ ਤਾਂ ਹਾਲਾਤ ਹੋਰ ਵੀ ਖ਼ਰਾਬ ਨਜ਼ਰ ਆਏ ਕਿਉਂਕਿ ਸੜਕਾਂ ਖ਼ੂਨ ਨਾਲ ਲਥਪਥ ਸਨ। ਇਹ ਵੇਖ ਕੇ ਕਈ ਵਿਦਿਆਰਥੀ ਰੋਣ ਲੱਗੇ।

ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਵਰਦੀਧਾਰੀ ਵਿਅਕਤੀਆਂ ਕੋਲੋਂ ਬੰਕਰਾਂ ਵਿਚ ਬਿਠਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਥੇ ਤੁਸੀਂ ਲੋਕ ਸੁਰੱਖਿਅਤ ਰਹੋਗੇ। ਬਾਅਦ ਵਿਚ ਬਾਰਡਰ ਤੱਕ ਛੱਡਣ ਲਈ ਗੱਡੀਆਂ ਆਉਣਗੀਆਂ। ਵਿਦਿਆਰਥੀ ਚਾਂਦ ਮੁਹੰਮਦ, ਜਸਮੀਤ ਸੰਘ ਅਤੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਸਵੇਰ ਤੋਂ ਭੁੱਖੇ ਹਨ। ਉਨ੍ਹਾਂ ਨੂੰ ਖਾਣ-ਪੀਣ ਨੂੰ ਕੁਝ ਨਹੀਂ ਦਿੱਤਾ ਗਿਆ।
ਵਿਦਿਆਰਥੀਆਂ ਨੇ ਕਿਹਾ ਕਿ ਯੂਕ੍ਰੇਨੀ ਫੌਜਾਂ ਨਾਲ ਹੋਣ ਕਾਰਨ ਉਨ੍ਹਾਂ ਦੀ ਜਾਨ ਵੀ ਜੋਖਮ ਵਿਚ ਪਈ ਹੋਈ ਹੈ ਕਿਉਂਕਿ ਰੂਸੀ ਫੌਜ ਉਸੇ ਥਾਂ ਬੰਬਾਰੀ ਕਰਦੀ ਹੈ, ਜਿੱਥੇ ਯੂਕ੍ਰੇਨੀ ਫੌਜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਉਥੋਂ ਦੂਜੇ ਰਸਤੇ ਰਾਹੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਜਲਦ ਭਾਰਤ ਸਰਕਾਰ ਕੋਲੋਂ ਉਨ੍ਹਾਂ ਨੂੰ ਕੱਢਣ ਦੀ ਮੰਗ ਕੀਤੀ।

PunjabKesari

ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ

ਕ੍ਰੀਮੀਆ ਵਿਚੋਂ ਨਿਕਲਣ ਦੀ ਉਡੀਕ ’ਚ ਬੈਠੀਆਂ ਹਨ ਸੈਂਕੜੇ ਲੜਕੀਆਂ
ਕ੍ਰੀਮੀਆ ਦੀ ਸਟੇਟ ਯੂਨੀਵਰਸਿਟੀ ਨੇੜੇ ਵੱਖ-ਵੱਖ ਇਲਾਕਿਆਂ ਵਿਚ ਸੈਂਕੜੇ ਲੜਕੀਆਂ ਵਾਪਸ ਆਉਣ ਦੀ ਉਡੀਕ ਕਰ ਰਹੀਆਂ ਹਨ। ਉਥੇ ਫਿਲਹਾਲ ਬੰਬਾਰੀ ਨਹੀਂ ਹੋ ਰਹੀ ਪਰ ਲੜਕੀਆਂ ਕੋਲ ਵਾਪਸੀ ਦੀ ਟਿਕਟ ਆਦਿ ਨਹੀਂ ਹੈ, ਜਿਸ ਕਾਰਨ ਉਹ ਸੁਰੱਖਿਅਤ ਥਾਵਾਂ ਨੂੰ ਛੱਡ ਕੇ ਨਿਕਲਣਾ ਨਹੀਂ ਚਾਹੁੰਦੀਆਂ। ਉਹ ਉਡੀਕ ਕਰ ਰਹੀਆਂ ਹਨ ਕਿ ਸਰਕਾਰ ਵੱਲੋਂ ਕੋਈ ਇੰਤਜ਼ਾਮ ਕੀਤਾ ਜਾਵੇ। ਕਈਆਂ ਕੋਲ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News