ਯੂ.ਕੇ. ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਸਮੇਤ ਦੋ ਗਿਰੋਹਾਂ ਦਾ ਪਰਦਾਫਾਸ਼; 7 ਪਿਸਤੌਲਾਂ ਸਣੇ 10 ਕਾਬੂ
Friday, Nov 15, 2024 - 05:56 AM (IST)
ਚੰਡੀਗੜ੍ਹ/ਜਲੰਧਰ : ਕੌਮਾਂਤਰੀ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦਿਆਂ, ਜਲੰਧਰ ਦਿਹਾਤੀ ਪੁਲਸ ਨੇ 10 ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਯੂ.ਕੇ. ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਸਮੇਤ ਦੋ ਵੱਖ-ਵੱਖ ਅਪਰਾਧਿਕ ਗਿਰੋਹਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ 7 ਪਿਸਤੌਲਾਂ ਸਮੇਤ 18 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ। ਪੁਲਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੀ ਜਾ ਰਹੀ ਟੋਇਟਾ ਕੋਰੋਲਾ ਐਲਟਿਸ ਕਾਰ, ਜੁਪੀਟਰ ਸਕੂਟਰ, ਪਲੈਟੀਨਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਨੂੰ ਵੀ ਜ਼ਬਤ ਕੀਤਾ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਿੰਡੀਕੇਟ ਸਰਹੱਦ ਪਾਰੋਂ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਸੀ ਅਤੇ ਇਸ ਦੇ ਪ੍ਰਮੁੱਖ ਸੰਚਾਲਕ ਯੂ.ਕੇ., ਗ੍ਰੀਸ ਅਤੇ ਮਨੀਲਾ ਵਿੱਚ ਬੈਠ ਕੇ ਪੰਜਾਬ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਨਿਰਦੇਸ਼ ਦਿੰਦੇ ਸਨ। ਇਸ ਤੋਂ ਇਲਾਵਾ, ਜਲੰਧਰ ਦਿਹਾਤੀ ਪੁਲਸ ਨੇ ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਹਥਿਆਰਾਂ ਦੀ ਖਰੀਦ ਸਬੰਧੀ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋ ਮਾਡਿਊਲਾਂ ਨੂੰ ਨਸ਼ਟ ਕਰਨ ਨਾਲ, ਪੰਜਾਬ ਪੁਲਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਘੱਟੋ-ਘੱਟ 14 ਵਾਰਦਾਤਾਂ ਨੂੰ ਸਫ਼ਲਤਾਪੂਰਵਕ ਟਰੇਸ ਕੀਤਾ ਹੈ, ਜਿਸ ਨਾਲ ਸੂਬੇ ਵਿੱਚ ਵਿਦੇਸ਼ੀ ਹਮਾਇਤ ਪ੍ਰਾਪਤ ਅਪਰਾਧਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਈ ਗਈ ਹੈ। ਡੀ.ਜੀ.ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਸੀਨੀਅਰ ਕਪਤਾਨ ਪੁਲਸ (ਐਸ.ਐਸ.ਪੀ.) ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲੀ ਸਫਲਤਾ ਉਸ ਸਮੇਂ ਮਿਲੀ ਜਦੋਂ ਐਸ.ਐਚ.ਓ. ਥਾਣਾ ਲੋਹੀਆਂ ਯਾਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗਿੱਦੜਪਿੰਡੀ ਹਾਈਟੈਕ ਟੋਲ ਪਲਾਜ਼ਾ ਨੇੜੇ ਇੱਕ ਟੋਇਟਾ ਕੋਰੋਲਾ ਐਲਟਿਸ (ਪੀਬੀ-65-ਐਚ-9100) ਨੂੰ ਰੋਕਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਦੋ .32 ਬੋਰ ਦੇ ਪਿਸਤੌਲ ਸਮੇਤ ਛੇ ਜਿੰਦਾ ਕਾਰਤੂਸ ਅਤੇ ਪੰਜ ਮੈਗਜ਼ੀਨ ਬਰਾਮਦ ਕਰਕੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਬਿੱਲੀ ਬੜੈਚ, ਜਗਵਿੰਦਰ ਸਿੰਘ ਉਰਫ਼ ਸ਼ਨੀ ਵਾਸੀ ਮੂਲੇਵਾਲ ਖਹਿਰਾ ਅਤੇ ਜਸਕਰਨ ਸਿੰਘ ਉਰਫ਼ ਸਾਰਾ ਵਾਸੀ ਸਿੱਧਵਾਂ ਦੋਨਾ ਵਜੋਂ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਕਾਰਵਾਈਆਂ ਯੂ.ਕੇ. ਅਧਾਰਿਤ ਮੁੱਖ ਸਰਗਨਾ ਜਗਦੀਪ ਸਿੰਘ ਉਰਫ ਜੱਗਾ, ਗ੍ਰੀਸ ਅਧਾਰਤ ਪਰਮਜੀਤ ਸਿੰਘ ਉਰਫ ਪੰਮਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਅਤੇ ਮਨੀਲਾ ਅਧਾਰਿਤ ਮਨਜਿੰਦਰ ਸਿੰਘ ਉਰਫ ਮਨੀ ਦੁਆਰਾ ਲੌਜਿਸਟਿਕਲ ਤਾਲਮੇਲ ਜ਼ਰੀਏ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਗਿਰੋਹ ਨੇ ਹਾਲ ਹੀ ਵਿੱਚ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਕਹਿਣ 'ਤੇ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਤੋਂ ਪਿਸਤੌਲਾਂ ਖ਼ਰੀਦੀਆਂ ਸਨ। ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਦੌਰਾਨ ਪੁਲਸ ਟੀਮ ਨੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਦੀ ਪਹਿਚਾਣ ਅਜੈ ਕੁਮਾਰ ਉਰਫ਼ ਬਿੱਲਾ ਵਾਸੀ ਸ਼ਾਹਜਹਾਨਪੁਰ, ਵਿਸ਼ਾਲ ਵਾਸੀ ਸੀਨਪੁਰਾ, ਕਪੂਰਥਲਾ ਅਤੇ ਦੋਨੇਵਾਲ ਦੇ ਇੱਕ ਨਾਬਾਲਗ ਵਜੋਂ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਟੀਮ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇੱਕ ਹੋਰ .32 ਬੋਰ ਦੀ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਅਤੇ ਜੁਪੀਟਰ ਸਕੂਟਰ (ਪੀ.ਬੀ.09-ਏ.ਕੇ.-8740), ਜਿਸ 'ਤੇ ਉਹ ਸਫਰ ਕਰ ਰਹੇ ਸਨ, ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਨਾਮੀ ਗਿਰੋਹ ਤਿੰਨ ਵੱਡੀਆਂ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ, ਜਿਸ ਵਿੱਚ ਜਗਦੀਪ ਉਰਫ਼ ਜੱਗਾ ਦੇ ਨਿਰਦੇਸ਼ਾਂ 'ਤੇ ਭੁਲੱਥ ਦੇ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਗੋਲੀ ਕਾਂਡ, ਹਥਿਆਰਾਂ ਦੀ ਬਰਾਮਦਗੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖਰੀਦ ਸਬੰਧੀ ਮਾਮਲੇ ਸ਼ਾਮਲ ਹਨ। ਐਸ.ਐਸ.ਪੀ. ਖੱਖ ਨੇ ਕਿਹਾ ਕਿ ਇਸ ਕਾਰਵਾਈ ਨੇ ਸਾਡੇ ਖੇਤਰ ਵਿੱਚ ਕਾਰਜਸ਼ੀਲ ਅੰਤਰਰਾਸ਼ਟਰੀ ਅਪਰਾਧਾਂ ਦੇ ਨੈੱਟਵਰਕ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇੱਕ ਹੋਰ ਕਾਰਵਾਈ ਵਿੱਚ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਨੇ ਇੱਕ ਹੋਰ ਖ਼ੌਫ਼ਨਾਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਾਜੂ ਵਾਸੀ ਅਹਿਮਦਪੁਰ, ਦਲਵਿੰਦਰ ਸਿੰਘ ਉਰਫ਼ ਗੁਰੀ ਵਾਸੀ ਧਾਲੀਵਾਲ ਦੋਨਾ, ਸਰਬਜੀਤ ਸਿੰਘ ਉਰਫ਼ ਪੰਜਾਬ ਉਰਫ਼ ਕਾਕਾ ਵਾਸੀ ਅਠੌਲਾ ਅਤੇ ਹਰਪ੍ਰੀਤ ਸਿੰਘ ਉਰਫ ਸ਼ੇਰਾ ਵਾਸੀ ਕਟਾਣੀ ਗੇਟ ਵਜੋਂ ਹੋਈ ਹੈ।
ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਛੇ ਜਿੰਦਾ ਰੌਂਦ ਸਮੇਤ ਦੋ .32 ਬੋਰ ਦੇ ਪਿਸਤੌਲ ਤੇ ਤਿੰਨ ਮੈਗਜ਼ੀਨ ਅਤੇ ਦੋ ਜਿੰਦਾ ਰੌਂਦ ਸਮੇਤ ਇੱਕ .315 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਲੈਟੀਨਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਨੂੰ ਵੀ ਕਬਜੇ ਵਿੱਚ ਲੈ ਲਿਆ ਹੈ। ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਗਿਰੋਹ ਨੇ ਬਲੇਅਰ ਖਾਨਪੁਰ ਵਿਖੇ ਗੋਲੀਬਾਰੀ ਅਤੇ ਜਬਰੀ ਵਸੂਲੀ, ਕਰਿਆਨੇ ਦੀ ਦੁਕਾਨ ਦੇ ਮਾਲਕ 'ਤੇ ਹਥਿਆਰਬੰਦ ਹਮਲਾ ਅਤੇ ਗੋਲੀ ਚਲਾਉਣ, ਲੈਦਰ ਕੰਪਲੈਕਸ ਨੇੜੇ ਹਥਿਆਰਬੰਦ ਡਕੈਤੀ, ਪ੍ਰਵਾਸੀ ਮਜ਼ਦੂਰਾਂ ਤੋਂ 25,000 ਰੁਪਏ ਦੀ ਜਬਰੀ ਵਸੂਲੀ ਅਤੇ ਕਈ ਮੋਟਰਸਾਈਕਲਾਂ ਦੀਆਂ ਚੋਰੀਆਂ ਸਮੇਤ ਕਈ ਅਪਰਾਧਾਂ ਨੂੰ ਅੰਜਾਮ ਦੇਣ ਦਾ ਜੁਲਮ ਇਕਬਾਲ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਨਸ਼ਾ ਤਸਕਰੀ ਦੇ ਇੱਕ ਸਥਾਨਕ ਨੈੱਟਵਰਕ ਨਾਲ ਸਬੰਧਾਂ ਬਾਰੇ ਵੀ ਖੁਲਾਸਾ ਕੀਤਾ।
ਜ਼ਿਕਰਯੋਗ ਹੈ ਕਿ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਐਫ.ਆਈ.ਆਰ. ਨੰਬਰ 102 ਮਿਤੀ 09.11.2024 ਥਾਣਾ ਲੋਹੀਆਂ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਐਫ.ਆਈ.ਆਰ. ਨੰ. 95 ਮਿਤੀ 13.11.2024 ਥਾਣਾ ਮਕਸੂਦਾਂ ਵਿਖੇ ਆਰਮਜ਼ ਐਕਟ ਦੀ ਧਾਰਾ 25(1)(6)(7)(8) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 111 ਅਤੇ ਧਾਰਾ 308(2), 310(4) ਅਤੇ 310(5) ਅਧੀਨ ਮਾਮਲਾ ਦਰਜ ਕਰਨਾ ਸ਼ਾਮਲ ਹੈ।