ਯੂਕੋ ਬੈਂਕ ਲੁੱਟ ਦੇ ਮਾਮਲੇ ''ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

Sunday, Aug 07, 2022 - 06:33 PM (IST)

ਯੂਕੋ ਬੈਂਕ ਲੁੱਟ ਦੇ ਮਾਮਲੇ ''ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

ਜਲੰਧਰ (ਵਰੁਣ)– ਯੂਕੋ ਬੈਂਕ ਲੁੱਟ ਕਾਂਡ ਵਿਚ ਕਮਿਸ਼ਨਰੇਟ ਪੁਲਸ ਨੂੰ ਲੀਡ ਮਿਲੀ ਹੈ। ਸ਼ਨੀਵਾਰ ਨੂੰ ਲੁਟੇਰਿਆਂ ਦਾ ਰੂਟ ਟਰੈਕ ਕਰਦਿਆਂ ਪੁਲਸ ਕਾਲਾ ਸੰਘਿਆਂ ਰੋਡ ’ਤੇ ਸਥਿਤ ਪਿੰਡ ਨਿੱਝਰਾਂ ਵਿਚ ਪਹੁੰਚੀ ਤਾਂ ਮਨੁੱਖੀ ਵਸੀਲਿਆਂ ਤੋਂ ਪਤਾ ਲੱਗਾ ਕਿ ਨਿੱਝਰਾਂ ਪਿੰਡ ਤੋਂ ਪਹਿਲਾਂ ਹੀ ਮੋਟਰ ’ਤੇ ਕੁਝ ਲਾਵਾਰਿਸ ਕੱਪੜੇ ਅਤੇ ਜੁੱਤੀਆਂ ਮਿਲੀਆਂ ਹਨ। ਪੁਲਸ ਤੁਰੰਤ ਉਸ ਮੋਟਰ ’ਤੇ ਗਈ, ਉਥੇ ਕੱਪੜੇ ਅਤੇ ਜੁੱਤੀਆਂ ਵੇਖ ਕੇ ਪਤਾ ਲੱਗਾ ਕਿ ਇਹ ਲੁਟੇਰਿਆਂ ਦੇ ਹੀ ਸਨ, ਜਿਨ੍ਹਾਂ ਨੇ ਉਸੇ ਡਰੈੱਸ ’ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੋਟਰ ’ਤੇ ਤਿੰਨਾਂ ਲੁਟੇਰਿਆਂ ਨੇ ਆਪਣੇ ਕੱਪੜੇ ਬਦਲੇ ਸਨ। ਪੁਲਸ ਨੇ ਕੱਪੜਿਆਂ ਅਤੇ ਜੁੱਤੀਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਲੁਟੇਰਿਆਂ ਨੇ ਰਸਤੇ ਵਿਚ ਕਿਤੇ ਵੀ ਮਾਸਕ ਨਹੀਂ ਉਤਾਰਿਆ ਅਤੇ ਨਾ ਹੀ ਆਪਣਾ ਵਾਹਨ ਬਦਲਿਆ। ਲੁਟੇਰੇ ਟ੍ਰਿਪਲਿੰਗ ਕਰਦੇ ਹੋਏ ਇੰਨਾ ਸਫ਼ਰ ਤੈਅ ਕਰ ਗਏ ਕਿ ਰਸਤੇ ਵਿਚ ਕਿਤੇ ਵੀ ਟਰੈਫਿਕ ਪੁਲਸ ਜਾਂ ਥਾਣਾ ਪੁਲਸ ਨੇ ਨਾਕੇ ’ਤੇ ਉਨ੍ਹਾਂ ਨੂੰ ਨਹੀਂ ਰੋਕਿਆ। ਡੀ. ਸੀ. ਪੀ. ਇਨਵੈਸਟੀਗੇਸ਼ਨ ਦੀ ਮੰਨੀਏ ਤਾਂ ਉਨ੍ਹਾਂ ਦੀਆਂ ਟੀਮਾਂ ਮੁਲਜ਼ਮਾਂ ਤੱਕ ਪਹੁੰਚ ਜਾਣਗੀਆਂ। ਉਨ੍ਹਾਂ ਕਿਹਾ ਕਿ ਕਈ ਬਿੰਦੂਆਂ ’ਤੇ ਲੁੱਟ ਦੇ ਕੇਸ ਨੂੰ ਟਰੇਸ ਕੀਤਾ ਜਾ ਰਿਹਾ ਹੈ। ਪੁਲਸ ਟੀਮ ਬੈਂਕ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਇਕ ਹਫ਼ਤੇ ਦੀ ਰਿਕਾਰਡਿੰਗ ਵੀ ਘੋਖ ਰਹੀ ਹੈ। ਡੰਪ ਡਾਟਾ ਵੀ ਚੁੱਕਿਆ ਗਿਆ ਅਤੇ ਇਕ-ਇਕ ਨੰਬਰ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੂਪਨਗਰ: ਅਧਿਆਪਕ ਕਰਦਾ ਸੀ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ, ਇੰਝ ਸਾਹਮਣੇ ਆਈ ਸੱਚਾਈ

PunjabKesari

ਸ਼ੁੱਕਰਵਾਰ ਰਾਤ ਪੁਲਸ ਨਿੱਝਰਾਂ ਪਿੰਡ ਵਿਚ ਲੁਟੇਰਿਆਂ ਦੀਆਂ ਤਸਵੀਰਾਂ ਵਿਖਾ ਕੇ ਮਨੁੱਖੀ ਵਸੀਲਿਆਂ ਤੋਂ ਮੁਲਜ਼ਮਾਂ ਦੀ ਪਛਾਣ ਕਰਵਾਉਣ ਵਿਚ ਜੁਟੀ ਹੋਈ ਸੀ। ਸ਼ਨੀਵਾਰ ਨੂੰ ਲੁਟੇਰਿਆਂ ਦੀ ਇਕ ਹੋਰ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ, ਜਿਸ ਵਿਚ ਉਹ ਗਲੀਆਂ ਦੇ ਰਸਤੇ ਕਾਲਾ ਸੰਘਿਆਂ ਰੋਡ ਵੱਲ ਜਾ ਰਹੇ ਹਨ। ਲੁਟੇਰਿਆਂ ਨੇ ਵਧੇਰੇ ਸਫ਼ਰ ਗਲੀ-ਮੁਹੱਲਿਆਂ ਜ਼ਰੀਏ ਤੈਅ ਕੀਤਾ ਤਾਂ ਕਿ ਲੁੱਟ ਤੋਂ ਬਾਅਦ ਜੇਕਰ ਸਪੈਸ਼ਲ ਨਾਕੇ ਲੱਗੇ ਵੀ ਹੋਣ ਤਾਂ ਉਨ੍ਹਾਂ ਦਾ ਬਚਾਅ ਹੋ ਸਕੇ। ਹਾਲਾਂਕਿ ਜੇਲ ਚੌਕ ਤੋਂ ਬਾਅਦ ਮੁਲਜ਼ਮ ਮੇਨ ਰੋਡ ’ਤੇ ਆਏ ਸਨ ਪਰ ਉਥੇ ਟਰੈਫਿਕ ਪੁਲਸ ਦਾ ਨਾਕਾ ਨਾ ਹੋਣ ਕਾਰਨ ਉਹ ਆਸਾਨੀ ਨਾਲ ਕਾਲਾ ਸੰਘਿਆਂ ਰੋਡ ਵੱਲ ਚਲੇ ਗਏ।

ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਾਲੇ ਰੰਗ ਦੀ ਬਿਨਾਂ ਨੰਬਰੀ ਐਕਟਿਵਾ ’ਤੇ ਆਏ 3 ਲੁਟੇਰਿਆਂ ਨੇ ਇੰਡਸਟੀਅਲ ਏਰੀਆ ਸਥਿਤ ਯੂਕੋ ਬੈਂਕ ’ਚ ਸਟਾਫ਼ ਅਤੇ ਗਾਹਕਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ ਕੈਸ਼ ਰੂਮ ਵਿਚੋਂ 13 ਲੱਖ ਰੁਪਏ ਤੋਂ ਵੱਧ ਕੈਸ਼ ਲੁੱਟ ਲਿਆ ਸੀ। ਮੁਲਜ਼ਮਾਂ ਨੇ ਬੈਂਕ ਦੀ ਮਹਿਲਾ ਕਰਮਚਾਰੀ ਕੋਲੋਂ ਵੀ ਸੋਨੇ ਦੀ ਚੇਨ, 2 ਅੰਗੂਠੀਆਂ ਤੇ 2 ਕੰਗਣ ਲੁੱਟ ਲਏ ਸਨ, ਜਦੋਂ ਕਿ ਹੋਰ ਗਾਹਕਾਂ ਕੋਲੋਂ ਵੀ ਸੋਨੇ ਦੇ ਗਹਿਣੇ ਲੁਹਾ ਲਏ ਸਨ। ਲੁਟੇਰਿਆਂ ਨੇ ਲੋਕਾਂ ਨੂੰ ਕੋਈ ਵੀ ਹਰਕਤ ਕਰਨ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਮੁਲਜ਼ਮ ਲਗਭਗ 10 ਮਿੰਟ ਬੈਂਕ ਵਿਚ ਰਹੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਬੈਂਕ ਦਾ ਸ਼ਟਰ ਡਾਊਨ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਕਾਲੇ ਰੰਗ ਦੀਆਂ ਐਕਟਿਵਾ ਦਾ ਰਿਕਾਰਡ ਵੀ ਕਢਵਾਇਆ ਸੀ ਪਰ ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਸੀ।

ਇਹ ਵੀ ਪੜ੍ਹੋ:ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ

ਫਿੰਗਰ ਪ੍ਰਿੰਟ ਕਲੀਅਰ ਨਾ ਹੋਣ ਕਾਰਨ ਬਾਇਓ-ਮੀਟ੍ਰਿਕ ਸਕੈਨਰ ਤੋਂ ਉਮੀਦ ਟੁੱਟੀ

ਪੁਲਸ ਨੂੰ ਉਮੀਦ ਸੀ ਕਿ ਬਾਇਓ-ਮੀਟ੍ਰਿਕ ਸਕੈਨਰ ਨਾਲ ਲੁਟੇਰਿਆਂ ਸਬੰਧੀ ਕੋਈ ਸੁਰਾਗ ਮਿਲ ਸਕਦਾ ਹੈ ਪਰ ਇਹ ਉਮੀਦ ਵੀ ਟੁੱਟ ਗਈ। ਦਰਅਸਲ ਬੈਂਕ ਵਿਚੋਂ ਲਏ ਗਏ ਫਿੰਗਰ ਪ੍ਰਿੰਟ ਕਲੀਅਰ ਨਾ ਹੋਣ ਕਾਰਨ ਸਕੈਨਰ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ। ਪੁਲਸ ਦੀ ਮੰਨੀਏ ਤਾਂ ਫਾਰੈਂਸਿਕ ਟੀਮ ਨੂੰ ਕਿਤਿਓਂ ਵੀ ਲੁਟੇਰਿਆਂ ਦੇ ਕਲੀਅਰ ਫਿੰਗਰ ਪ੍ਰਿੰਟ ਨਹੀਂ ਮਿਲੇ, ਜਿਸ ਕਾਰਨ ਬਾਇਓ-ਮੀਟ੍ਰਿਕ ਸਕੈਨਰ ਤੋਂ ਮਦਦ ਨਹੀਂ ਮਿਲ ਸਕੀ।

ਪ੍ਰੋਫੈਸ਼ਨਲ ਲੁਟੇਰਿਆਂ ਦੀ ਲਿਸਟ ਵੀ ਘੋਖ ਰਹੀ ਪੁਲਸ

ਜਿਸ ਢੰਗ ਨਾਲ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਭੱਜਣ ਲਈ ਗਲੀ-ਮੁਹੱਲਿਆਂ ਦਾ ਰਸਤਾ ਚੁਣਿਆ, ਉਸ ਤੋਂ ਪੁਲਸ ਨੂੰ ਪੂਰੀ ਉਮੀਦ ਹੈ ਕਿ ਉਕਤ ਲੁਟੇਰੇ ਪ੍ਰੋਫੈਸ਼ਨਲ ਹਨ। ਅਜਿਹੇ ਵਿਚ ਪੁਲਸ ਜਲੰਧਰ ਸਮੇਤ ਹੋਰ ਨੇੜਲੇ ਸ਼ਹਿਰਾਂ ਦੇ ਪ੍ਰੋਫੈਸ਼ਨਲ ਲੁਟੇਰਿਆਂ ਦੀ ਲਿਸਟ ਦੀ ਵੀ ਘੋਖ ਕਰ ਰਹੀ ਹੈ, ਜਿਹੜੇ ਇਸ ਸਮੇਂ ਜ਼ਮਾਨਤ ’ਤੇ ਹਨ। ਸ਼ਹਿਰ ਦੇ ਆਲੇ-ਦੁਆਲੇ ਹੋਈਆਂ ਲੁੱਟ ਦੀਆਂ ਵਾਰਦਾਤਾਂ ਦੀ ਸੀ. ਸੀ. ਟੀ. ਵੀ. ਫੁਟੇਜ ਮੰਗਵਾਈ ਗਈ ਹੈ ਤਾਂ ਕਿ ਕਲੀਅਰ ਹੋ ਸਕੇ ਕਿ ਇਸ ਢੰਗ ਨਾਲ ਲੁੱਟ ਹੋਰ ਕਿਥੇ-ਕਿਥੇ ਹੋਈ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਐਂਗਲ ਤੋਂ ਜਾਂਚ ਵਿਚ ਵੀ ਕਾਮਯਾਬੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News