ਮੋਹਾਲੀ : ਹੁਣ ਕਰਫਿਊ ਦੌਰਾਨ ਅਮਰਜੈਂਸੀ ਪੈਣ ''ਤੇ ਹਸਪਤਾਲ ਜਾਣ ਦੀ ਟੈਂਸ਼ਨ ਨਹੀਂ ਕਿਉਂਕਿ...
Friday, Apr 24, 2020 - 04:20 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਹੁਣ ਕਿਸੇ ਤਰ੍ਹਾਂ ਦੀ ਅਮਰਜੈਂਸੀ ਪੈਣ 'ਤੇ ਹਸਪਤਾਲ ਜਾਣ ਦੀ ਟੈਂਸ਼ਨ ਨਹੀਂ ਹੋਵੇਗੀ ਕਿਉਂਕਿ ਅਮਰਜੈਂਸੀ ਦੌਰਾਨ ਖੁਦ ਕੈਬ ਤੁਹਾਡੇ ਘਰ ਤੱਕ ਆਵੇਗੀ। ਜ਼ਿਲਾ ਪ੍ਰਸ਼ਾਸਨ ਮੋਹਾਲੀ ਨੇ ਨਾਗਰਿਕਾਂ ਲਈ ਜ਼ਰੂਰੀ ਐਮਰਜੈਂਸੀ ਆਵਾਜਾਈ ਲਈ ਦਿਨ-ਰਾਤ ਵਾਹਨ ਮੁਹੱਈਆ ਕਰਵਾਉਣ ਅਤੇ ਸਿਹਤ ਤੇ ਜ਼ਿਲਾ ਪ੍ਰਸ਼ਾਸਨ ਸਮੇਤ ਮੁਹਰਲੀ ਕਤਾਰ 'ਚ ਸੇਵਾ ਨਿਭਾਉਣ ਵਾਲੇ ਅਧਿਕਾਰੀਆਂ ਲਈ ‘ਊਬਰ ਈਸ਼ੈਂਸੀਅਲ’ ਅਤੇ ‘ਊਬਰ ਮੈਡਿਕ’ ਤਹਿਤ ਊਬਰ ਇੰਡੀਆ ਨਾਲ ਸਮਝੌਤਾ ਕੀਤਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਊਬਰ ਈਸ਼ੈਂਸੀਅਲ 24 ਘੰਟੇ ਸਿਹਤ/ਮੈਡੀਕਲ ਐਮਰਜੈਂਸੀ ਲਈ 24 ਵਾਹਨ ਜ਼ਿਲੇ 'ਚ ਚੱਲਣ ਲਈ ਮੁਹੱਈਆ ਕਰਵਾਏਗਾ। ਊਬਰ ਸਿਰਫ ਡਾਕਟਰੀ ਜ਼ਰੂਰਤਾਂ ਲਈ ਬੀਮਾਰ ਰੋਗੀਆਂ (ਅਤੇ ਸਹਿਗਾਮੀ, ਜੇ ਕੋਈ ਹੈ) ਨੂੰ ਸਰਕਾਰੀ, ਪ੍ਰਾਈਵੇਟ ਹਸਪਤਾਲ, ਕਲੀਨਿਕ, ਫਾਰਮੇਸੀ 'ਚ ਲੈ ਜਾਵੇਗਾ। ਵਾਹਨ 'ਚ ਦੋ ਤੋਂ ਵੱਧ ਯਾਤਰੀ (ਡਰਾਈਵਰ ਤੋਂ ਇਲਾਵਾ) ਨਹੀਂ ਲਿਜਾਏ ਜਾਣਗੇ। ਇਸ ਤੋਂ ਇਲਾਵਾ ਰਾਈਡਸ ਨੂੰ ਸਿਰਫ ਘਰ ਤੋਂ ਸਬੰਧਤ ਮੰਜ਼ਿਲ/ਵਾਪਸੀ ਤੱਕ ਐਪ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਇਸ ਸਹੂਲਤ ਦੀ ਵਰਤੋਂ ਕਰਨ ਵਾਲੇ ਨਾਗਰਿਕਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ। ਨਿਰਧਾਰਤ ਸਟੈਂਡਰਡ ਖਰਚੇ ਊਬਰ ਇੰਡੀਆ ਵਲੋਂ ਲਏ ਜਾਣਗੇ ਅਤੇ ਇਸ 'ਚ ਕੋਈ ਵਾਧੂ ਕੀਮਤ ਨਹੀਂ ਹੋਵੇਗੀ।
ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਿਆਂ ਊਬਰ ਇੰਡੀਆ ਸਾਰੇ ਵਾਹਨਾਂ ਦੀਆਂ ਯਾਤਰਾ ਦੀਆਂ ਰਿਪੋਰਟਾਂ ਰੋਜ਼ਾਨਾ ਦੇ ਆਧਾਰ ’ਤੇ ਨਾਮਜ਼ਦ ਨੋਡਲ ਅਫਸਰ ਨੂੰ ਦੇਣ ਲਈ ਪਾਬੰਦ ਹੋਵੇਗਾ। ਨਾਲ ਹੀ ਇਹ ਸਮੇਂ-ਸਮੇਂ ’ਤੇ ਸਾਰੇ ਡਰਾਈਵਰਾਂ ਦੀ ਸਿਹਤ ਜਾਂਚ, ਵਾਹਨ ਦੀ ਸੈਨੇਟਾਈਜ਼ੇਸ਼ਨ ਅਤੇ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਊਬਰ ਮੈਡੀਕਲ ਸਿਹਤ ਅਤੇ ਜ਼ਿਲਾ ਪ੍ਰਸ਼ਾਸਨ ਸਮੇਤ ਮੁਹਰਲੀ ਕਤਾਰ 'ਚ ਸੇਵਾ ਨਿਭਾਅ ਰਹੇ ਅਧਿਕਾਰੀਆਂ ਦੀ ਵਰਤੋਂ ਲਈ 20 ਵਾਹਨ ਮੁਹੱਈਆ ਕਰਵਾਏਗਾ ਪਰ ਇਸ ਤੱਥ ਦੇ ਮੱਦੇਨਜ਼ਰ ਕਿ ਜ਼ਿਲਾ ਪ੍ਰਸ਼ਾਸਨ ਕੋਲ ਪਹਿਲਾਂ ਤੋਂ ਲੋੜੀਂਦੇ ਵਾਹਨ ਹਨ, ਇਹ ਫੈਸਲਾ ਲਿਆ ਗਿਆ ਹੈ ਕਿ ਊਬਰ ਇੰਡੀਆ ਵਲੋਂ ਮੁਫਤ ਮੁਹੱਈਆ ਕਰਵਾਏ ਜਾ ਰਹੇ 20 ਵਾਹਨਾਂ ਨੂੰ ਘੱਟ ਆਮਦਨੀ ਸਮੂਹਾਂ ਦੇ ਵਿਅਕਤੀਆਂ (ਜੋ ਅਦਾਇਗੀਯੋਗ ਸੇਵਾਵਾਂ ਲੈਣ ਦੇ ਸਮਰੱਥ ਨਹੀਂ ਹਨ) ਨੂੰ ਸਰਕਾਰੀ ਹਸਪਤਾਲਾਂ ਲਿਜਾਣ/ਘਰ ਛੱਡਣ ਲਈ ਤਾਇਨਾਤ ਕਰਕੇ ਇਨ੍ਹਾਂ ਦੀ ਬਿਹਤਰ ਵਰਤੋਂ ਕੀਤੀ ਜਾਏਗੀ।
ਇਸ ਤੋਂ ਇਲਾਵਾ ਊਬਰ ਇੰਡੀਆ ਵਲੋਂ ਦਿੱਤੇ ਗਏ ਇਹ 20 ਵਾਹਨ (16 ਦਿਨ ਲਈ ਅਤੇ 4 ਰਾਤ ਲਈ) ਸੰਭਾਵਤ ਲੋੜ ਦੇ ਅਨੁਸਾਰ ਸਿਵਲ ਸਰਜਨ ਮੋਹਾਲੀ ਦੀ ਵਰਤੋਂ ਲਈ ਅਤੇ ਅੱਗੇ ਜ਼ਿਲਾ ਹਸਪਤਾਲ, ਐੱਸ. ਡੀ. ਐੱਚ., ਸੀ. ਐੱਚ. ਸੀਜ਼, ਪੀ. ਐੱਚ. ਸੀਜ਼ ਆਦਿ ਵਿਖੇ ਰੱਖੇ ਜਾਣਗੇ। ਇਨ੍ਹਾਂ ਵਾਹਨਾਂ ਦੀਆਂ ਸੇਵਾਵਾਂ ਲੈਣ ਲਈ ਕੋਈ ਵੀ ਵਿਅਕਤੀ ਸਿਹਤ ਕੰਟਰੋਲ ਰੂਮ 0172-2270091/78146-41397 ’ਤੇ ਸੰਪਰਕ ਕਰਕੇ ਬੇਨਤੀ ਕਰ ਸਕਦਾ ਹੈ ਅਤੇ ਕੰਟਰੋਲ ਰੂਮ ਇਹ ਬੇਨਤੀ ਸਬੰਧਤ ਐੱਸ. ਐੱਮ. ਓ./ਐੱਮ. ਓ. ਇੰਚਾਰਜ ਨੂੰ ਦੇਵੇਗਾ, ਜੋ ਮਰੀਜ਼ ਨੂੰ ਲੈਜਾਣ/ਛੱਡਣ ਲਈ ਵਾਹਨ ਭੇਜ ਸਕਦਾ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਲਿਜਾਣ/ਛੱਡਣ ਦੀ ਇਹ ਸੇਵਾ ਬਿਨਾਂ ਕਿਸੇ ਕੀਮਤ ਦੇ ਸ਼ਰਤਾਂ ਦੇ ਅਧੀਨ ਹੈ ਕਿ ਇਹ ਸਿਰਫ ਸੇਵਾ ਸਿਰਫ ਸਰਕਾਰੀ ਸਹੂਲਤ, ਜਿਸ 'ਚ ਡੀ. ਐੱਚ., ਸੀ. ਐੱਚ. ਸੀ., ਪੀ. ਐੱਚ. ਸੀ., ਈ. ਐੱਸ. ਆਈ. ਹਸਪਤਾਲਾਂ ਆਦਿ ਸ਼ਾਮਲ ਹੋਣਗੇ ਲਈ ਹੋਵੇਗੀ। ਜ਼ਿਕਰਯੋਗ ਹੈ ਕਿ ਸਕੱਤਰ ਆਰ. ਟੀ. ਏ. ਮੋਹਾਲੀ (9872630545) ਇਸ ਸਹੂਲਤ/ਸੇਵਾ ਦੇ ਪ੍ਰਬੰਧਨ ਲਈ ਨੋਡਲ ਅਧਿਕਾਰੀ ਹੋਣਗੇ। ਉਹ ਨਿਗਰਾਨੀ ਕਰਨਗੇ ਕਿ ਸੇਵਾ ਦੀ ਗਲਤ ਵਰਤੋਂ ਨਾ ਕੀਤੀ ਜਾਵੇ।