ਭਰਾ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਦੋਸਤ ਨੂੰ ਲੈਣ ਗਏ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

Thursday, Dec 24, 2020 - 04:22 AM (IST)

ਗੁਰਦਾਸਪੁਰ, (ਹਰਮਨ)- ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਨੇੜੇ ਇਕ ਮੋਟਰਸਾਈਕਲ ’ਤੇ ਸਵਾਰ 3 ਦੋਸਤਾਂ ਨੂੰ ਇਕ ਗੱਡੀ ਵੱਲੋਂ ਟੱਕਰ ਮਾਰਨ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਕ ਨੂੰ ਹਾਲਤ ਗੰਭੀਰ ਹੋਣ ਕਾਰਣ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਵਿਕਟਰ ਮਸੀਹ (20) ਪੁੱਤਰ ਸੁਰਿੰਦਰ ਮਸੀਹ ਵਾਸੀ ਬਥਵਾਲਾ ਅਤੇ ਅਭੀ (17) ਪੁੱਤਰ ਰੋਸੀ ਮਸੀਹ ਵਾਸੀ ਔਜਲਾ ਕਾਲੋਨੀ ਵਜੋਂ ਹੈ। ਜਦੋਂ ਕਿ ਜ਼ਖ਼ਮੀ ਕਾਲਾ ਵਾਸੀ ਸੁਚੇਤਗੜ੍ਹ ਦਾ ਰਹਿਣ ਵਾਲਾ ਹੈ। ਮ੍ਰਿਤਕ ਵਿਕਟਰ ਦੇ ਸਕੇ ਭਰਾ ਦਾ 23 ਦਸੰਬਰ ਨੂੰ ਵਿਆਹ ਸੀ ਜਦੋਂ ਕਿ 17 ਜਨਵਰੀ ਨੂੰ ਉਸ ਦਾ ਆਪਣਾ ਵਿਆਹ ਹੋਣਾ ਵੀ ਨਿਯਤ ਹੋਇਆ ਸੀ ਪਰ ਇਸ ਮੰਦਭਾਗੇ ਹਾਦਸੇ ਕਾਰਣ ਉਨ੍ਹਾਂ ਦੇ ਘਰਾਂ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ ਹਨ।

ਮ੍ਰਿਤਕ ਅਭੀ ਦੇ ਪਿਤਾ ਰੋਸੀ ਨੇ ਦੱਸਿਆ ਕਿ ਵਿਕਟਰ ਅਤੇ ਅਭੀ ਪੱਕੇ ਦੋਸਤ ਸਨ ਅਤੇ ਵਿਕਟਰ ਦੇ ਭਰਾ ਦਾ 23 ਦਸੰਬਰ ਨੂੰ ਵਿਆਹ ਹੋਣਾ ਸੀ, ਜਿਸ ਦੇ ਬਾਅਦ ਵਿਕਟਰ ਦਾ ਵਿਆਹ ਵੀ 17 ਜਨਵਰੀ 2021 ਨੂੰ ਹੋਣਾ ਸੀ। ਇਨ੍ਹਾਂ ਦੋਵਾਂ ਦਾ ਇਕ ਹੋਰ ਦੋਸਤ ਕਾਲਾ ਹੈ, ਜੋ ਪਿੰਡ ਸੁਚੇਤਗੜ੍ਹ ਰਹਿੰਦਾ ਹੈ। ਇਸ ਲਈ ਭਰਾ ਦੇ ਵਿਆਹ ਦੇ ਜਸ਼ਨ ਮਨਾਉਣ ਲਈ ਉਸਨੂੰ ਸੁਚੇਤਗੜ੍ਹ ਤੋਂ ਲੈਣ ਲਈ ਉਹ ਬੀਤੀ ਸ਼ਾਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਏ ਸਨ। ਜਦੋਂ ਉਹ ਕਾਲੇ ਨੂੰ ਲੈ ਕੇ ਰਾਤ 8.30 ਵਜੇ ਦੇ ਕਰੀਬ ਵਾਪਸ ਆ ਰਹੇ ਸੀ ਤਾਂ ਨਬੀਪੁਰ ਬਾਈਪਾਸ ਚੌਕ ’ਚ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫਤਾਰ ਜੀਪ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ ਹੈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News