ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ ਸ਼ਾਮਲ, ਸਦਮੇ ’ਚ ਪਰਿਵਾਰ
Thursday, Feb 06, 2025 - 12:37 PM (IST)
ਸੁਲਤਾਨਪੁਰ ਲੋਧੀ (ਧੀਰ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਬੀਤੇ ਸੋਮਵਾਰ ਇਕ ਅਮਰੀਕੀ ਫ਼ੌਜੀ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ। ਇਹ ਜਹਾਜ਼ ਬੁੱਧਵਾਰ ਨੂੰ ਭਾਰਤ ਪਹੁੰਚਿਆ, ਜਿਸ ਵਿਚ 104 ਲੋਕ ਸਵਾਰ ਸਨ।
ਦੱਸਣਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ ਸ਼ਾਮਲ ਹਨ। ਇਕ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ਼ ਬਹਿਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਅਤੇ ਦੂਜਾ ਬੇਗੋਵਾਲ ਦੇ ਪਿੰਡ ਬਰਿਆਰ ਦਾ 19 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਗੁਰਜੰਗ ਸਿੰਘ ਹੈ।
ਇਹ ਜਾਣਕਾਰੀ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਅੱਗੇ ਆ ਕੇ ਗੱਲਬਾਤ ਕਰਦਿਆਂ ਦਿੱਤੀ। ਅਮਰੀਕਾ ਤੋਂ ਡਿਪੋਰਟ ਹੋਣ ਬਾਰੇ ਖ਼ਬਰ ਮਿਲਣ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਸਦਮੇ ’ਚ ਹਨ। ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਲੜਕਿਆਂ ਨੂੰ ਕਰਜ਼ੇ ਦੀ ਪੰਡ ਚੁੱਕ ਕੇ ਅਮਰੀਕਾ ਭੇਜਿਆ ਸੀ ਅਤੇ ਬਹੁਤ ਸਾਰੇ ਸੁਫ਼ਨੇ ਵੇਖੇ ਸਨ ਕਿ ਸ਼ਾਇਦ ਉਨ੍ਹਾਂ ਦੇ ਘਰ ਦੇ ਹਾਲਾਤ ਸੁਧਾਰਨਗੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਉਨ੍ਹਾਂ ਦੱਸਿਆ ਕਿ ਉਨ੍ਹਾਂ 40-42 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੇ ਮੁੰਡਿਆਂ ਨੂੰ ਵਿਦੇਸ਼ ਭੇਜਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਸੂਬਾ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।
ਜੇਕਰ ਸਾਡੇ ਦੇਸ਼ ’ਚ ਹੀ ਰੋਜ਼ਗਾਰ ਹੋਵੇ ਤਾਂ ਨੌਜਵਾਨ ਕਿਉਂ ਜਾਣ ਬਾਹਰ?
ਲੋਕਾਂ ਨੇ ਭਾਰਤੀ ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ’ਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ’ਚ ਸਾਡੀਆਂ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ, ਹੁਣ ਕਿਸੇ ਵੀ ਮੰਤਰੀ, ਲਿਡਰ ਜਾਂ ਆਗੂ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਨਿਆ ਕਿ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਜਾਣਾ ਗਲਤ ਗੱਲ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਆਪਣੀ ਜਾਨ ਧਲੀ ’ਤੇ ਧਰ ਕੇ ਗੈਰ-ਕਾਨੂੰਨੀ ਰਸਤਾ ਅਪਣਾਉਣ ਦੀ ਕਿਉਂ ਲੋੜ ਪਈ?
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵੱਡੀ ਗਿਣਤੀ ’ਚ ਨੌਜਵਾਨ ਮੁੰਡੇ-ਕੁੜੀਆਂ ਪੜ੍ਹੇ ਲਿਖੇ ਹਨ, ਉਨ੍ਹਾਂ ਨੂੰ ਇੰਨਾ ਪੜ੍ਹਨ ਦੇ ਬਾਵਜੂਦ ਕਿਤੇ ਵੀ ਰੋਜ਼ਗਾਰ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਆਪਣਾ ਦੇਸ਼ ਛੱਡ ਕੇ ਬਾਹਰ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ ’ਚ ਹੀ ਰੋਜ਼ਗਾਰ ਹੋਵੇ ਤਾਂ ਨੌਜਵਾਨ ਬਾਹਰ ਕਿਉਂ ਜਾਣ? ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਜਲਦੀ ਅਮੀਰ ਹੋਣ ਦਾ ਲਾਲਚ ਦੇ ਕੇ ਮੋਟੇ ਪੈਸੇ ਕਮਾ ਰਹੇ ਫਰਜ਼ੀ ਟਰੈਵਲ ਏਜੰਟ!
ਹੁਣ ਮਾਮਲੇ ’ਚ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਵੱਡੀ ਗਿਣਤੀ ’ਚ ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਲੋੜਵੰਦ ਪਰਿਵਾਰਾਂ ਦੇ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਫਰਜ਼ੀ ਟਰੈਵਲ ਏਜੰਟ ਜਲਦੀ ਅਮੀਰ ਹੋਣ ਦਾ ਲਾਲਚ ਦਿੰਦੇ ਹਨ ਫਿਰ ਉਨ੍ਹਾਂ ਕੋਲੋਂ ਮੋਟੇ ਪੈਸੇ ਕਮਾ ਰਹੇ ਹਨ। ਸਾਡੇ ਨੌਜਵਾਨ ਉਕਤ ਫਰਜ਼ੀ ਟਰੈਵਲ ਏਜੰਟਾਂ ’ਚ ਝਾਂਸੇ ਵਿਚ ਆ ਜਾਂਦੇ ਹਨ। ਫਿਰ ਆਪਣੀਆਂ ਜ਼ਮੀਨਾਂ ਤੇ ਮਕਾਨ ਗਹਿਣੇ ਰੱਖ ਕੇ ਲੱਖਾਂ ਦਾ ਕਰਜ਼ਾ ਚੁੱਕ ਬੈਠਦੇ ਹਨ। ਉਕਤ ਫਰਜ਼ੀ ਟਰੈਵਲ ਏਜੰਟ ਦਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵੀ ਨਹੀਂ ਬਖ਼ਸ਼ਦੇ। ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਕਈ ਲੜਕੀਆਂ ਵੀ ਫਰਜ਼ੀ ਟਰੈਵਲ ਏਜੰਟਾਂ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਸਾਨੂੰ ਅਤੇ ਸਾਡੇ ਨੌਜਵਾਨਾਂ ਨੂੰ ਉਕਤ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ।
ਵਿਦੇਸ਼ ਜਾਣ ਦੀ ਬਜਾਏ ਇੱਥੇ ਹੀ ਨਵਾਂ ਕਾਰੋਬਾਰ ਚਲਾਇਆ ਜਾਵੇ ਤਾਂ ਪੰਜਾਬ ਦੀ ਵੀ ਆਰਥਿਕ ਸਥੀਤੀ ਹੋਵੇਗੀ ਹੋਰ ਮਜ਼ਬੂਤ
ਬੁੱਧੀਜੀਵੀ ਵਰਗ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਜਿਹੇ ਗੈਰ-ਕਾਨੂੰਨੀ ਤਰੀਕੇ ਅਪਨਾ ਕੇ ਆਪਣੀ ਜ਼ਿੰਦਗੀ ਨੂੰ ਨਾ ਖਤਰੇ ’ਚ ਪਾਉਣ। ਗਲਤ ਤਰੀਕਾ ਗਲਤ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਮਾਪਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਪਾਲਣ ਪੋਸ਼ਣ ਕਰ ਕੇ ਇੰਨੇ ਯੋਗੇ ਕੀਤਾ ਹੈ। ਮਾਪਿਆਂ ਨੂੰ ਆਪਣੇ ਪੁੱਤਰਾਂ ਕੋਲੋਂ ਕਾਫ਼ੀ ਆਸਾਂ-ਉਮੀਦਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਲੜਕੇ ਵੱਡੇ ਹੋ ਕੇ ਉਨ੍ਹਾਂ ਦਾ ਨਾਮ ਰੌਸ਼ਣ ਕਰਨਗੇ ਪਰ ਸਾਡੇ ਨੌਜਵਾਨ ਗਲਤ ਰਾਹਾਂ ’ਤੇ ਤੁਰ ਪਏ ਹਨ।
ਬੁੱਧੀਜੀਵੀਆਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਵਿਦੇਸ਼ ਜਾਣ ਤੇ ਕਰਜ਼ਾ ਚੁੱਕਣ ਦੀ ਬਜਾਏ ਇੱਥੇ ਹੀ ਆਪਣਾ ਕਿਸੇ ਵੀ ਤਰ੍ਹਾਂ ਦਾ (ਛੋਟਾ ਜਾ ਵੱਡਾ) ਨਵਾਂ ਕਾਰੋਬਾਰ ਚਲਾਉਣ। ਇਸ ਤਰ੍ਹਾਂ ਆਪਣੇ ਮਾਪਿਆਂ ਦੇ ਕੋਲ ਵੀ ਰਹਿ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਅਜਿਹਾ ਕਰਨ ਨਾਲ ਪੰਜਾਬ ਦੀ ਆਰਥਿਕ ਸਥੀਤੀ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਵੱਡਾ ਬਿਆਨ
ਸੂਬਾ ਸਰਕਾਰ ਨੂੰ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਲੋੜ
ਮਾਪਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਣ। ਉਨ੍ਹਾਂ ਕਿਹਾ ਕਿ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜੋ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪ ਮੋਟਾ ਮੁਨਾਫਾ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ ਉਕਤ ਫਰਜ਼ੀ ਟਰੈਵਲ ਏਜੰਟ ਸੂਬੇ ਦੀ ਅਰਥ ਵਿਵਸਥਾ ਨੂੰ ਘੁਣ ਵਾਂਗ ਖਾ ਰਹੇ ਹਨ। ਜੇਕਰ ਹੁਣ ਵੀ ਇਨ੍ਹਾਂ ’ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਪੰਜਾਬ ’ਚ ਸਾਡੀ ਨੌਜਵਾਨ ਪੀੜ੍ਹੀ ਗਲਤ ਰਾਹਾਂ ’ਤੇ ਤੁਰ ਪਵੇਗੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ 'ਚ ਦੋ ਵਿਅਕਤੀ ਹੁਸ਼ਿਆਰਪੁਰ ਦੇ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e