ਪੰਜਾਬ ਦੇ 2 ਨੌਜਵਾਨਾਂ ਦਾ ਰਿਆਦ ਜੇਲ ’ਚ ਕੀਤਾ ਸਿਰ ਕਲਮ !

Tuesday, Apr 09, 2019 - 08:39 PM (IST)

ਪੰਜਾਬ ਦੇ 2 ਨੌਜਵਾਨਾਂ ਦਾ ਰਿਆਦ ਜੇਲ ’ਚ ਕੀਤਾ ਸਿਰ ਕਲਮ !

ਚੰਡੀਗਡ਼੍ਹ/ਹੁਸ਼ਿਆਰਪੁਰ (ਹਾਂਡਾ)— ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਦੀ ਪਤਨੀ ਵੱਲੋਂ ਦਾਖਲ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਕ ਹਫ਼ਤੇ ’ਚ ਪਟੀਸ਼ਨਰ ਨੂੰ ਉਸ ਦੇ ਪਤੀ ਦੇ ਜ਼ਿੰਦਾ ਹੋਣ ਜਾਂ ਉਸ ਦੀ ਮੌਤ ਹੋਣ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ’ਚ ਸਰਕਾਰ ਦੇ ਅੰਡਰ ਸੈਕਟਰੀ ਨੂੰ ਵੀ ਕੇਂਦਰ ਦੇ ਕੌਂਸਲ ਜ਼ਰੀਏ ਆਰਡਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਇਕ ਹਫ਼ਤੇ ਅੰਦਰ ਸਾਊਦੀ ਅਰਬ ਅੰਬੈਸੀ ਤੋਂ ਪੂਰੀ ਜਾਣਕਾਰੀ ਸਤਵਿੰਦਰ ਕੁਮਾਰ ਦੇ ਪਰਿਵਾਰ ਨੂੰ ਦੇਣ ਲਈ ਕਿਹਾ ਗਿਆ ਹੈ। ਹੁਸ਼ਿਆਰਪੁਰ ਜ਼ਿਲੇ ਦਾ ਸਤਵਿੰਦਰ ਅਤੇ ਮੋਗਾ ਦਾ ਹਰਜੀਤ ਸਿੰਘ 2013 ਤੋਂ ਸਾਊਦੀ ਅਰਬ ’ਚ ਰਿਆਦ ’ਚ ਮਜੀਦ ਟਰਾਂਸਪੋਰਟਿੰਗ ਐਂਡ ਪੋਲਿੰਗ ਕਾਰਸ ਇੰਟਰਨੈਸ਼ਨਲ ਐਂਡ ਐਕਸਟਰਨਲ ਨਾਂ ਦੀ ਕੰਪਨੀ ’ਚ ਡਰਾਈਵਿੰਗ ਦਾ ਕੰਮ ਕਰਦੇ ਸਨ।

ਭਾਰਤੀ ਮੂਲ ਦੇ ਹੀ ਇਕ ਵਿਅਕਤੀ ਨਾਲ ਦੋਵਾਂ ਦੀ 2016 ’ਚ ਲਡ਼ਾਈ ਹੋਈ, ਜਿਸ ਦੀ ਟਰਾਲੇ ਹੇਠਾਂ ਕੁਚਲ ਕੇ ਹੱਤਿਆ ਦਾ ਦੋਸ਼ ਸਤਵਿੰਦਰ ਅਤੇ ਹਰਜੀਤ ਸਿੰਘ ’ਤੇ ਲੱਗਾ ਸੀ। ਦੋਵਾਂ ਨੂੰ ਰਿਆਦ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ’ਤੇ ਉੱਥੋਂ ਦੀ ਕੋਰਟ ’ਚ ਕੇਸ ਚੱਲ ਰਿਹਾ ਸੀ, ਜਿਸ ਦੀ ਜਾਣਕਾਰੀ ਸਤਵਿੰਦਰ ਦੇ ਪਰਿਵਾਰ ਨੂੰ ਵੀ ਸੀ। 21 ਫਰਵਰੀ 2019 ਨੂੰ ਸਤਵਿੰਦਰ ਨੇ ਆਖਰੀ ਵਾਰ ਆਪਣੀ ਪਤਨੀ ਜਾਂ ਪਟੀਸ਼ਨਰ ਸੀਮਾ ਦੇਵੀ ਨਾਲ ਫੋਨ ’ਤੇ ਗੱਲ ਕੀਤੀ ਅਤੇ ਦੱਸਿਆ ਸੀ ਕਿ ਭਾਰਤ ਸਰਕਾਰ ਇਸ ਮਾਮਲੇ ’ਚ ਦਖਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਰਿਲੀਫ ਮਿਲਣ ਵਾਲਾ ਹੈ।

ਭਾਰਤੀ ਮੂਲ ਦੇ ਇਕ ਵਿਅਕਤੀ ਨੇ ਜੇਲ ’ਚੋਂ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਉਹ ਸਤਵਿੰਦਰ ਦਾ ਦੋਸਤ ਹੈ ਅਤੇ ਰਿਆਦ ਜੇਲ ਤੋਂ ਬੋਲ ਰਿਹਾ ਹੈ। ਉਸ ਨੇ ਦੱਸਿਆ ਕਿ ਸਤਵਿੰਦਰ ਅਤੇ ਹਰਜੀਤ ਸਿੰਘ ਦਾ ਕੋਰਟ ਦੇ ਹੁਕਮ ਤੋਂ ਬਾਅਦ ਸਿਰ ਕਲਮ ਕਰ ਦਿੱਤਾ ਗਿਆ ਹੈ। ਉਸ ਵਿਅਕਤੀ ਨੇ ਪਰਿਵਾਰ ਨੂੰ ਭਰੋਸਾ ਦਿਵਾਉਣ ਲਈ ਵਾਰ-ਵਾਰ ਫੋਨ ਕੀਤੇ ਸਨ ਕਿ 28 ਫਰਵਰੀ ਨੂੰ ਦੋਵਾਂ ਨੂੰ ਸਜ਼ਾ ਅਨੁਸਾਰ ਸਿਰ ਕਲਮ ਕਰਕੇ ਮਾਰ ਦਿੱਤਾ ਗਿਆ ਹੈ।


author

Sunny Mehra

Content Editor

Related News