ਹਾਦਸੇ ''ਚ 2 ਔਰਤਾਂ ਜ਼ਖ਼ਮੀ
Tuesday, Mar 13, 2018 - 01:46 AM (IST)

ਗਿੱਦੜਬਾਹਾ, (ਸੰਧਿਆ)- ਅੱਜ ਵਾਪਰੇ ਇਕ ਸੜਕ ਹਾਦਸੇ ਦੌਰਾਨ 2 ਔਰਤਾਂ ਜ਼ਖ਼ਮੀ ਹੋ ਗਈਆਂ।
ਜ਼ੇਰੇ ਇਲਾਜ ਪ੍ਰੇਮਾ ਬਾਈ (60) ਪਤਨੀ ਸਵ. ਰਾਮ ਪ੍ਰਤਾਪ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਤੋਂ ਪੰਜਾਬ 'ਚ ਸਥਿਤ ਗਿੱਦੜਬਾਹਾ 'ਚ ਪੈਂਦੇ ਪਿੰਡ ਹੁਸਨਰ ਦੇ ਇਕ ਡੇਰੇ ਵਿਚ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਈ ਸੀ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਉਨ੍ਹਾਂ ਦੀ ਟੋਲੀ ਪਿੰਡ ਹੁਸਨਰ ਤੋਂ ਗਿੱਦੜਬਾਹਾ ਵੱਲ ਐਤਵਾਰ ਦੀ ਸ਼ਾਮ 4:00 ਵਜੇ ਆ ਰਿਹਾ ਸੀ ਤਾਂ ਇਕ ਮੋਟਰਸਾਈਕਲ ਸਵਾਰ ਜਿਸ ਦੇ ਪਿੱਛੇ ਇਕ 40 ਸਾਲਾਂ ਔਰਤ ਚਰਨਜੀਤ ਕੌਰ ਪਤਨੀ ਬਿੰਦਰ ਸਿੰਘ ਵਾਸੀ ਵਾਰਡ ਨੰਬਰ-1 ਬੈਠੀ ਸੀ, ਉਕਤ ਔਰਤ ਪ੍ਰੇਮਾ ਬਾਈ ਨਾਲ ਟਕਰਾਅ ਗਿਆ ਅਤੇ ਉਹ ਜ਼ਖ਼ਮੀ ਹੋ ਗਈ। ਦੂਜੀ ਜ਼ੇਰੇ ਇਲਾਜ ਔਰਤ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਹੁਸਨਰ ਤੋਂ ਗਿੱਦੜਬਾਹਾ ਵੱਲ ਆਪਣੇ ਘਰ ਆ ਰਹੀ ਸੀ ਤਾਂ ਉਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਗਿੱਦੜਬਾਹਾ ਜਾਣ ਲਈ ਲਿਫਟ ਲਈ ਸੀ, ਉਹ ਮੋਟਰਸਾਈਕਲ ਸਵਾਰ ਨੂੰ ਨਹੀਂ ਜਾਣਦੀ ਪਰ ਦੂਜੇ ਪਾਸੇ ਸੰਤਾਂ ਦੀ ਟੋਲੀ ਦਾ ਕਹਿਣਾ ਹੈ ਕਿ ਉਕਤ ਔਰਤ ਝੂਠ ਬੋਲ ਰਹੀ ਹੈ ਅਤੇ ਮੋਟਰਸਾਈਕਲ ਸਵਾਰ ਚਾਲਕ ਇਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ। ਉੱਥੇ ਮੌਜੂਦ ਮੈਡੀਕਲ ਅਫ਼ਸਰ ਵੱਲੋਂ ਪ੍ਰੇਮਾ ਬਾਈ ਦੀ ਐੱਮ. ਐੱਲ. ਆਰ. ਕੱਟ ਕੇ ਪੁਲਸ ਸਟੇਸ਼ਨ ਭੇਜ ਦਿੱਤੀ ਗਈ ਹੈ ਪਰ ਖਬਰ ਲਿਖੇ ਜਾਣ ਤੱਕ ਪੁਲਸ ਸਟੇਸ਼ਨ ਤੋਂ ਕੋਈ ਵੀ ਪੁਲਸ ਮੁਲਾਜ਼ਮ ਪ੍ਰੇਮਾ ਬਾਈ ਦਾ ਬਿਆਨ ਦਰਜ ਕਰਨ ਲਈ ਨਹੀਂ ਪਹੁੰਚਿਆ ਸੀ।