ਰਾਹਗੀਰਾਂ ਨੂੰ ਲੁੱਟਣ ਵਾਲੇ 2 ਗ੍ਰਿਫਤਾਰ
Sunday, Mar 04, 2018 - 06:47 AM (IST)
ਜਲੰਧਰ, (ਮਹੇਸ਼)- ਬਸਤੀ ਬਾਵਾ ਖੇਲ ਤੇ ਬੁਲੰਦ ਨਹਿਰ ਦੇ ਰਾਹ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਆਏ ਅਮਨ ਤੇ ਉਸ ਦੇ ਸਾਥੀ ਪਵਨ ਕਾਲੀਆ ਉਰਫ ਕਾਕਾ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਲੁੱਟੇ ਹੋਏ 6 ਮੋਬਾਇਲ ਤੇ ਇਕ ਐਕਟਿਵਾ ਬਰਾਮਦ ਕੀਤੀ ਹੈ।
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਅਮਨ ਪੁੱਤਰ ਦਵਿੰਦਰ ਕੁਮਾਰ ਵਾਸੀ ਪਿੰਡ ਦੜਗਾਵਾਂ ਥਾਣਾ ਸੋਹਵਲ ਜ਼ਿਲਾ ਗਾਜ਼ੀਪੁਰ ਯੂ. ਪੀ. ਨੂੰ ਅਮਨ ਨਗਰ ਟਾਂਡਾ ਰੋਡ ਜਲੰਧਰ ਤੇ ਪਵਨ ਕਾਲੀਆ ਪੁੱਤਰ ਦੀਪਕ ਕਾਲੀਆ ਨੂੰ ਮਖਦੂਮਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਡਵੀਜ਼ਨ ਨੰਬਰ 4 ਪ੍ਰੇਮ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਵਲੋਂ ਫੜੇ ਗਏ ਲੁਟੇਰਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ।
ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਦੁਬਾਰਾ ਅਦਾਲਤ ਵਿਚ ਪੇਸ਼ ਕਰ ਕੇ ਦੋਵਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪਵਨ ਕਾਲੀਆ ਉਰਫ ਕਾਕਾ ਨੇ ਉਕਤ ਮਾਮਲੇ ਵਿਚ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਅਮਨ ਉਸ ਦੇ ਕੋਲ ਮੋਬਾਇਲ ਰੱਖ ਕੇ ਉਸ ਤੋਂ ਕੁਝ ਨਕਦੀ ਲੈ ਗਿਆ ਸੀ। ਉਸ ਦੀ ਲੁੱਟ-ਖੋਹ ਵਿਚ ਕੋਈ ਭੂਮਿਕਾ ਨਹੀਂ ਹੈ। ਉਸ ਨੇ ਆਪਣੀ ਸਿਮ ਪਾ ਕੇ ਅਮਨ ਵਾਲਾ ਮੋਬਾਇਲ ਚਲਾਇਆ ਸੀ।
ਯੂ. ਪੀ. ਦੇ ਅਮਨ 'ਤੇ ਦਰਜ ਹਨ ਲੁੱਟ-ਖੋਹ ਦੇ 4 ਕੇਸ : ਕਈ ਵਾਰ ਜੇਲ ਜਾ ਚੁੱਕੇ ਯੂ. ਪੀ. ਵਾਸੀ ਅਮਨ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ 4 ਕੇਸ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਉਸ ਨੇ ਜੇਲ ਵਿਚੋਂ ਆਉਣ ਤੋਂ ਬਾਅਦ ਫਿਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਦਾ ਖੌਫ ਉਸ ਦੇ ਮਨ ਤੋਂ ਨਿਕਲ ਚੁੱਕਾ ਹੈ। ਉਸ ਨੂੰ ਲੱਗਦਾ ਹੈ ਕਿ ਜੇਲ ਜਾਣ ਤੋਂ ਬਾਅਦ ਰਿਹਾਅ ਤਾਂ ਹੋ ਹੀ ਜਾਣਾ ਹੈ।
ਪਵਨ ਕਾਲੀਆ 'ਤੇ ਦਰਜ ਸ਼ਰਾਬ, ਸਮੱਗਲਿੰਗ ਦੇ ਕੇਸ : ਇਸ ਤਰ੍ਹਾਂ ਦੂਜੇ ਮੁਲਜ਼ਮ ਪਵਨ ਕਾਲੀਆ ਉਰਫ ਕਾਕਾ ਦੇ ਬਾਰੇ ਵਿਚ ਹੁਣ ਤੱਕ ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ 'ਤੇ ਲੁੱਟ-ਖੋਹ ਦਾ ਕੋਈ ਮਾਮਲਾ ਦਰਜ ਨਹੀਂ ਹੈ ਪਰ ਸ਼ਰਾਬ ਸਮੱਗਲਿੰਗ ਦੇ 3 ਮਾਮਲਿਆਂ ਵਿਚ ਉਹ ਨਾਮਜ਼ਦ ਹੈ। ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਉਸ ਨੇ ਹੁਣ ਤੋਂ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।
ਸੁੰਨਸਾਨ ਜਗ੍ਹਾ 'ਤੇ ਬਣਾਉਂਦੇ ਸੀ ਰਾਹਗੀਰਾਂ ਨੂੰ ਸ਼ਿਕਾਰ : ਪੁਲਸ ਦੇ ਹੱਥੇ ਚੜ੍ਹੇ ਦੋਵੇਂ ਮੁਲਜ਼ਮ ਅਮਨ ਤੇ ਪਵਨ ਸੁੰਨਸਾਨ ਥਾਵਾਂ 'ਤੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ। ਇਸ ਲਈ ਉਨ੍ਹਾਂ ਨੇ ਬੁਲੰਦਪੁਰ ਅਤੇ ਬਾਵਾ ਖੇਲ ਨਹਿਰ ਰਾਹ 'ਤੇ ਕਈ ਵਾਰਦਾਤਾਂ ਕੀਤੀਆਂ ਹਨ। ਬਰਾਮਦ 5 ਮੋਬਾਇਲ ਉਨ੍ਹਾਂ ਨੇ ਨਹਿਰ ਦੇ ਰਾਹ 'ਤੇ ਹੀ ਦੇ ਲੋਕਾਂ ਤੋਂ ਰਾਤ ਦੇ ਸਮੇਂ ਲੁੱਟੇ ਹਨ, ਜੋ ਕਿ ਕੰਮ ਕਰ ਕੇ ਆਪਣੇ ਘਰ ਜਾ ਰਹੇ ਸੀ।
ਅਮਿਤ ਕੋਹਲੀ ਨੇ ਦਰਜ ਕਰਵਾਇਆ ਸੀ ਕੇਸ : ਸੈਂਟਰਲ ਟਾਊਨ ਦੀ ਗਲੀ ਨੰਬਰ 7 ਵਾਸੀ ਅਮਿਤ ਕੋਹਲੀ ਪੁੱਤਰ ਪ੍ਰਵੀਨ ਕੋਹਲੀ ਦਾ ਲੁਟੇਰਿਆਂ ਨੇ ਦਿਨ-ਦਿਹਾੜੇ ਸਵੇਰੇ 10 ਤੋਂ 11 ਵਜੇ ਦੌਰਾਨ 24 ਫਰਵਰੀ ਨੂੰ ਮੋਬਾਇਲ ਖੋਹਿਆ ਸੀ। ਉਸ ਦਿਨ ਹੀ ਅਮਿਤ ਕੋਹਲੀ ਦੀ ਸ਼ਿਕਾਇਤ 'ਤੇ ਪੁਲਸ ਨੇ ਥਾਣਾ ਡਵੀਜ਼ਨ ਨੰਬਰ 4 ਵਿਚ ਆਈ. ਪੀ. ਸੀ. ਦੀ ਧਾਰਾ 379 ਤੇ 411 ਦੇ ਤਹਿਤ ਮੁਕੱਦਮਾ ਨੰਬਰ 30 ਦਰਜ ਕੀਤਾ ਸੀ। ਅਮਿਤ ਕੋਹਲੀ ਤੋਂ ਖੋਹੇ ਹੋਏ ਮੋਬਾਇਲ ਵੀ ਪੁਲਸ ਨੇ ਲੁਟੇਰਿਆਂ ਤੋਂ ਬਰਾਮਦ ਕਰ ਲਏ ਹਨ।
