ਬੱਸ ਸਟੈਂਡ ''ਚ ਚੋਰੀ ਕਰਨ ਵਾਲੇ ਦੋ ਕਾਬੂ
Saturday, Aug 19, 2017 - 04:22 AM (IST)
ਲੁਧਿਆਣਾ, (ਰਿਸ਼ੀ)- ਬੀਤੀ 14 ਅਗਸਤ ਨੂੰ ਬੱਸ ਸਟੈਂਡ 'ਤੇ ਖੜ੍ਹੀ ਬੱਸ ਤੋਂ ਅਟੈਚੀ ਚੋਰੀ ਕਰਨ ਵਾਲੇ ਦੋਵੇਂ ਦੋਸਤਾਂ ਨੂੰ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੂੰ ਉਨ੍ਹਾਂ ਕੋਲੋਂ ਚੋਰੀ ਦੇ ਡਾਇਮੰਡ, ਸੋਨੇ ਦੇ ਗਹਿਣੇ ਅਤੇ ਕੱਪੜੇ ਬਰਾਮਦ ਹੋਏ ਹਨ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਅਤੇ ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਚੋਰਾਂ ਦੀ ਪਛਾਣ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਸੋਨੂੰ ਕੁਮਾਰ ਅਤੇ ਰਾਏਕੋਟ ਦੇ ਰਾਹੁਲ ਕੁਮਾਰ ਦੇ ਰੂਪ ਵਿਚ ਹੋਈ ਹੈ। ਰਾਹੁਲ ਇਕ ਸਾਲ ਤੋਂ ਸ਼ਿਮਲਾਪੁਰੀ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ। ਸੋਨੂੰ ਖਿਲਾਫ 2 ਸਾਲ ਪਹਿਲਾਂ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਦੋਵਾਂ ਦੀ ਪਛਾਣ ਫਿਰੋਜ਼ਪੁਰ ਰੋਡ 'ਤੇ ਪਾਰਕਿੰਗ ਠੇਕੇਦਾਰ ਦੇ ਕੋਲ ਕੰਮ ਕਰਦੇ ਸਮੇਂ ਹੋਈ ਅਤੇ ਦੋਵਾਂ ਨੇ ਜਲਦ ਅਮੀਰ ਬਣਨ ਲਈ ਕੰਮ ਛੱਡ ਕੇ ਗਿਰੋਹ ਬਣਾ ਲਿਆ ਅਤੇ 6 ਮਹੀਨਿਆਂ 'ਚ ਸ਼ਹਿਰ 'ਚ 5, 6 ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਚੰਦ ਨਗਰ ਇਲਾਕੇ 'ਚ ਆਇਆ ਨੋਬਲ ਗੌਤਮ ਜਦ ਵਾਪਸ ਜਾਣ ਲਈ ਬੱਸ 'ਚ ਅਟੈਚੀ ਰੱਖ ਕੇ ਕਿਸੇ ਕੰਮ ਗਿਆ ਤਾਂ ਵਾਪਸੀ 'ਤੇ ਅਟੈਚੀ ਗਾਇਬ ਸੀ, ਜਿਸ 'ਚ ਲੱਖਾਂ ਦੇ ਗਹਿਣੇ ਅਤੇ 10 ਹਜ਼ਾਰ ਦੀ ਨਕਦੀ ਸਮੇਤ ਹੋਰ ਜ਼ਰੂਰੀ ਸਾਮਾਨ ਸੀ। ਥਾਣਾ ਡਵੀਜ਼ਨ ਨੰ. 5 'ਚ ਕੇਸ ਦਰਜ ਕਰ ਕੇ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ ਤਾਂ ਕੈਮਰਿਆਂ ਦੀ ਫੁਟੇਜ ਹੱਥ ਲੱਗੀ, ਜਿਸ ਦੇ ਬਾਅਦ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੂੰ ਫੜ ਲਿਆ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਰਾਹੁਲ ਬੈਗ ਚੋਰੀ ਕਰ ਕੇ ਜਦ ਭੱਜਿਆ ਤਾਂ ਸੋਨੂੰ ਬਾਹਰ ਮੋਟਰਸਾਈਕਲ 'ਤੇ ਪਹਿਲਾਂ ਤੋਂ ਖੜ੍ਹਾ ਸੀ ਅਤੇ ਦੋਵੇਂ ਫਰਾਰ ਹੋ ਗਏ।
