ਪੁਨੀਤ ਨਗਰ ਇਲਾਕੇ ''ਚ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਭਿੜੀਆਂ

08/14/2017 1:38:59 AM

ਲੁਧਿਆਣਾ, (ਮਹੇਸ਼)- ਪੁਨੀਤ ਨਗਰ ਇਲਾਕੇ ਵਿਚ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਕੁੱਟਮਾਰ ਵਿਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਧਿਰਾਂ ਨੇ ਇਕ-ਦੂਸਰੇ 'ਤੇ ਦੋਸ਼ ਲਾਉਂਦੇ ਹੋਏ ਟਿੱਬਾ ਚੌਕੀ ਵਿਚ ਸ਼ਿਕਾਇਤ ਦਿੱਤੀ ਹੈ। ਘਟਨਾ ਦੋ ਦਿਨ ਪਹਿਲਾਂ ਦੀ ਹੈ।
ਚੰਡੀਗੜ੍ਹ ਰੋਡ 32 ਸੈਕਟਰ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਦੀ ਪੁਨੀਤ ਨਗਰ ਇਲਾਕੇ ਵਿਚ ਡੇਅਰੀ ਦੀ ਦੁਕਾਨ ਹੈ। 11 ਅਗਸਤ ਨੂੰ ਦੁਪਹਿਰ ਕਰੀਬ 3 ਵਜੇ ਉਸ ਦਾ ਛੋਟਾ ਬੇਟਾ ਵਨੀਤ ਕੁਮਾਰ ਦੁਕਾਨ 'ਤੇ ਬੈਠਾ ਸੀ, ਤਾਂ ਇਕ ਲੜਕਾ ਆਇਆ ਅਤੇ ਉਧਾਰ ਸਾਮਾਨ ਮੰਗਣ ਲੱਗਾ। ਜਦੋਂ ਵਨੀਤ ਨੇ ਉਧਾਰ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਲੜਕੇ ਨੇ ਬੋਤਲ ਚੁੱਕ ਕੇ ਉਸ ਦੇ ਮੂੰਹ 'ਤੇ ਮਾਰੀ ਅਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਇਸ 'ਤੇ ਉਸ ਦੇ ਬੇਟੇ ਨੇ ਉਸ ਨੂੰ ਫੋਨ ਕਰ ਦਿੱਤਾ, ਜਿਸ ਕਰ ਕੇ ਉਹ ਅਤੇ ਉਸ ਦਾ ਦੂਸਰਾ ਬੇਟਾ ਰਣਜੀਤ ਉਥੇ ਆ ਗਏ।
ਜਦੋਂ ਉਨ੍ਹਾਂ ਨੇ ਉਸ ਲੜਕੇ ਤੋਂ ਲੜਾਈ-ਝਗੜਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੋ ਦਰਜਨ ਦੇ ਕਰੀਬ ਆਪਣੇ ਸਾਥੀਆਂ ਨੂੰ ਬੁਲਾ ਲਿਆ। ਇਸ ਦੌਰਾਨ ਉਸ ਦਾ ਭਤੀਜਾ ਮਨਪ੍ਰੀਤ ਵੀ ਉਥੇ ਆ ਗਿਆ। ਉਸ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਆਉਂਦੇ ਹੀ ਡੰਡੇ ਲਾਠੀਆਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਡੰਡੇ ਦੇ ਵਾਰ ਨਾਲ ਮਨਪ੍ਰੀਤ ਦਾ ਸਿਰ ਫਟ ਗਿਆ। ਜਿਸ ਨੂੰ ਉਨ੍ਹਾਂ ਨੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਸ ਦੇ ਸਿਰ ਵਿਚ ਕਈ ਟਾਂਕੇ ਲੱਗੇ, ਜਦ ਕਿ ਦੂਸਰੇ ਧਿਰ ਦੇ ਸਮਰਥਨ ਵਿਚ ਆਇਆ ਇਕ ਲੜਕਾ ਇਸ ਝਗੜੇ ਵਿਚ ਡਿੱਗਣ ਕਾਰਨ ਜ਼ਖਮੀ ਹੋ ਗਿਆ।
ਉਸ ਦਾ ਦੋਸ਼ ਹੈ ਕਿ ਦੂਸਰੀ ਧਿਰ ਦੇ ਲੋਕ ਉਨ੍ਹਾਂ ਨੂੰ ਧਮਕਾ ਰਹੇ ਹਨ ਕਿ ਉਹ ਹੁਣ ਉਸ ਨੂੰ ਦੁਕਾਨ ਨਹੀਂ ਖੋਲ੍ਹਣ ਦੇਣਗੇ।   ਪਵਨ ਦਾ ਕਹਿਣਾ ਹੈ ਕਿ ਉਸ ਕੋਲ ਸੀ. ਸੀ. ਟੀ. ਵੀ. ਦੀ ਫੁਟੇਜ ਹੈ, ਜਿਸ ਵਿਚ ਪੂਰੀ ਘਟਨਾ ਕੈਦ ਹੈ। ਜੋ ਉਸ ਨੇ ਪੁਲਸ ਨੂੰ ਮੁਹੱਈਆ ਕਰਵਾ ਦਿੱਤੀ ਹੈ। ਬਾਵਜੂਦ ਇਸ ਦੇ ਅਜੇ ਤੱਕ ਪੁਲਸ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਦ ਕਿ ਦੂਸਰੀ ਧਿਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਨਿਰਆਧਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਲੜਕਾ ਡੇਅਰੀ 'ਤੇ ਸਾਮਾਨ ਲੈਣ ਲੱਗਾ ਸੀ। ਜਦੋਂ ਕੁਝ ਪੈਸੇ ਘੱਟ ਪੈ ਗਏ ਤਾਂ ਦੁਕਾਨਦਾਰ ਨੇ ਉਸ ਨਾਲ ਗਾਲੀ-ਗਲੋਚ ਕੀਤਾ। ਜਦੋਂ ਉਹ ਉਸ ਤੋਂ ਪੁੱਛਗਿੱਛ ਕਰਨ ਗਏ ਤਾਂ ਦੂਸਰੀ ਧਿਰ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਹਵਾਈ ਫਾਇਰ ਵੀ ਕੀਤੇ ਅਤੇ ਰਿਵਾਲਵਰ ਦਾ ਬੱਟ ਮਾਰ ਕੇ ਇਕ ਲੜਕੇ ਦਾ ਸਿਰ ਪਾੜ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਨੇ ਇਕ ਮਹਿਲਾ ਦੇ ਨਾਲ ਵੀ ਧੱਕਾ-ਮੁੱਕੀ ਕੀਤੀ। ਹੁਣ ਉਲਟਾ ਉਨ੍ਹਾਂ 'ਤੇ ਹਮਲਾ ਕਰਨ ਦੇ ਝੂਠੇ ਦੋਸ਼ ਲਗਾ ਰਹੇ ਹਨ। ਚੌਕੀ ਮੁਖੀ ਏ. ਐੱਸ. ਆਈ. ਕਪਿਲ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਵਿਚ ਕ੍ਰਾਸ ਕੇਸ ਦਰਜ ਕੀਤੇ ਜਾਣ ਦੀ ਪ੍ਰਕਿਰਿਆ ਕੀਤੀ ਜਾਵੇਗੀ।


Related News