ਹਾਈਕੋਰਟ ''ਚ 2 ਨਵੇਂ ਜੱਜਾਂ ਨੇ ਚੁੱਕੀ ਸਹੁੰ, ਗਿਣਤੀ ਹੋਈ 48
Thursday, Jun 29, 2017 - 01:42 AM (IST)
ਚੰਡੀਗੜ੍ਹ (ਬਰਜਿੰਦਰ) - ਬੁੱਧਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ 2 ਨਵੇਂ ਜੱਜਾਂ ਦੇ ਸਹੁੰ ਲੈਂਦੇ ਸਾਰ ਹੀ ਹਾਈਕੋਰਟ 'ਚ ਜੱਜਾਂ ਦੀ ਗਿਣਤੀ 48 ਹੋ ਗਈ ਹੈ। ਚੀਫ ਜਸਟਿਸ ਸ਼ਿਵਾਕਸ ਜਲ ਵਜ਼ੀਫਦਾਰ ਨੇ ਰਜਿਸਟਰਾਰ ਜਨਰਲ ਗੁਰਵਿੰਦਰ ਸਿੰਘ ਗਿੱਲ ਅਤੇ ਜਲੰਧਰ ਜ਼ਿਲਾ ਅਦਾਲਤ 'ਚ ਸੈਸ਼ਨ ਜੱਜ ਰਹੇ ਰਾਜ ਸ਼ੇਖਰ ਅੱਤਰੀ ਨੂੰ ਹਾਈਕੋਰਟ ਦੇ ਐਡੀਸ਼ਨਲ ਜੱਜ ਦੇ ਰੂਪ 'ਚ ਸਹੁੰ ਚੁਕਾਈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਦੋਵਾਂ ਦਾ ਨਾਂ ਕਲੀਅਰ ਕਰਨ ਦੇ ਬਾਅਦ ਹਾਲ ਹੀ 'ਚ ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜਾਂ ਦੇ ਰੂਪ 'ਚ ਨਿਯੁਕਤੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜੱਜਾਂ ਦੀ ਕਮੀ ਨਾਲ ਜੂਝ ਰਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਜੱਜਾਂ ਦੀ ਗਿਣਤੀ 'ਚ ਫਿਲਹਾਲ ਇਨ੍ਹਾਂ ਨਿਯੁਕਤੀਆਂ ਨਾਲ ਰਾਹਤ ਮਿਲੇਗੀ, ਹਾਲਾਂਕਿ ਇਸੇ ਸਾਲ 5 ਹਾਈਕੋਰਟ ਦੇ ਜੱਜ ਵੀ ਰਿਟਾਇਰ ਹੋ ਰਹੇ ਹਨ, ਜਿਸ ਨਾਲ ਇਕ ਵਾਰ ਮੁੜ ਜੱਜਾਂ ਦੀ ਗਿਣਤੀ ਕੁਝ ਸਮੇਂ ਲਈ ਘਟ ਜਾਏਗੀ। ਹਾਈਕੋਰਟ 'ਚ ਜੱਜਾਂ ਦੀ ਪ੍ਰਸਤਾਵਿਤ ਗਿਣਤੀ 85 ਹੈ। ਜਾਣਕਾਰੀ ਮੁਤਾਬਿਕ ਹਾਈਕੋਰਟ 'ਚ ਢਾਈ ਲੱਖ ਦੇ ਲਗਭਗ ਕੇਸ ਲੰਬਿਤ ਹਨ।
7 ਵਕੀਲਾਂ ਦੇ ਨਾਵਾਂ 'ਤੇ ਵਿਚਾਰ ਲੰਬਿਤ
ਜੱਜਾਂ ਨੂੰ ਲੈ ਕੇ 7 ਵਕੀਲਾਂ ਅਨਿਲ ਖੇਤਰਪਾਲ, ਰਾਜਬੀਰ ਸੇਹਰਾਵਤ, ਮਹਾਬੀਰ ਸਿੰਘ ਸਿੰਧੂ, ਅਰਵਿੰਦਰ ਸਿੰਘ ਸਾਂਗਵਾਨ, ਸੁਧੀਰ ਮਿੱਤਲ, ਹਰਨਰੇਸ਼ ਸਿੰਘ ਗਿੱਲ ਤੇ ਅਵਨੀਸ਼ ਝਿੰਗਮ ਦਾ ਨਾਂ ਹਾਲੇ ਕਲੀਅਰੈਂਸ ਲਈ ਲੰਬਿਤ ਹੈ। ਹਾਈਕੋਰਟ ਕਾਲੇਜੀਅਮ ਨੇ ਪਿਛਲੇ ਸਾਲ ਜੂਨ 'ਚ ਇਨ੍ਹਾਂ ਦੇ ਨਾਵਾਂ ਦੀ ਵੀ ਸਿਫਾਰਸ਼ ਕੀਤੀ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਕਾਲੇਜੀਅਮ ਨੇ ਗਿੱਲ ਅਤੇ ਅੱਤਰੀ ਦੇ ਨਾਵਾਂ ਦੀ ਪਿਛਲੇ ਸਾਲ ਜੂਨ 'ਚ 9 ਹੋਰ ਨਾਵਾਂ ਸਮੇਤ ਸੁਪਰੀਮ ਕੋਰਟ 'ਚ ਸਿਫਾਰਸ਼ ਕੀਤੀ ਸੀ, ਜਿਸ 'ਚ ਜਸਟਿਸ ਹਰਮਿੰਦਰ ਸਿੰਘ ਮਦਾਨ ਦਾ ਨਾਂ ਪਦਉਨੱਤੀ ਲਈ ਦਸੰਬਰ 2016 'ਚ ਕਲੀਅਰ ਹੋਇਆ ਸੀ ਜਦੋਂਕਿ ਗਿੱਲ ਅਤੇ ਅੱਤਰੀ ਨੂੰ ਇੰਤਜ਼ਾਰ ਕਰਨਾ ਪਿਆ ਸੀ, ਕਿਉਂਕਿ ਪੰਜਾਬ ਡਿਸਟ੍ਰਿਕਟ ਐਂਡ ਸੈਸ਼ਨ ਜੱਜਾਂ ਦੀ ਸੀਨੀਆਰਤਾ ਦਾ ਮਾਮਲਾ ਸੁਪਰੀਮ ਕੋਰਟ 'ਚ ਲੰਬਿਤ ਸੀ।