2 ਕਾਰਾਂ ਆਪਸ ’ਚ ਟਕਰਾਈਆਂ, ਇਕ ਖੱਡ ’ਚ ਡਿੱਗੀ
Friday, Oct 18, 2024 - 05:17 AM (IST)

ਗੁਰਦਾਸਪੁਰ (ਵਿਨੋਦ) - ਘਰ ਨੂੰ ਮੋੜਦੇ ਸਮੇਂ ਇਕ ਕਾਰ ਦੂਜੀ ਕਾਰ ਨਾਲ ਟਕਰਾਅ ਗਈ, ਜਿਸ ਕਾਰਨ ਖੱਡ ਵਿੱਚ ਜਾ ਡਿੱਗੀ। ਹਾਲਾਂਕਿ ਦੋਵਾਂ ਕਾਰਾਂ ਦੇ ਚਾਲਕ ਵਾਲ-ਵਾਲ ਬਚ ਗਏ ਪਰ ਦੋਵਾਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਇਕ ਕਾਰ ਦੇ ਚਾਲਕ ਸੰਨੀ ਮਸੀਹ ਵਾਸੀ ਸਠਿਆਲੀ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਪੁਰਾਣਾ ਸ਼ਾਲਾ ਰਾਹੀਂ ਆਪਣੇ ਪਿੰਡ ਸਠਿਆਲੀ ਜਾ ਰਿਹਾ ਸੀ ਕਿ ਅੱਡਾ ਸੈਦੋਵਾਲ ਤੋਂ ਥੋੜ੍ਹੀ ਪਿੱਛੇ ਇਕ ਨੌਜਵਾਨ ਵੱਲੋਂ ਆਪਣੀ ਸੜਕ ਕਿਨਾਰੇ ਖੜ੍ਹੀ ਬ੍ਰੀਜ਼ਾ ਕਾਰ ਮੋੜੀ ਜਾ ਰਹੀ ਸੀ ਪਰ ਉਹ ਇਕਦਮ ਕਾਰ ਮੋੜਦੇ ਹੋਏ ਸੜਕ ’ਤੇ ਆ ਗਿਆ। ਇਕਦਮ ਕਾਰ ਅੱਗੇ ਆਉਣ ਕਾਰਨ ਉਸ ਨੇ ਬ੍ਰੇਕ ਅਤੇ ਕੱਟ ਮਾਰ ਕੇ ਟੱਕਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਦੋਵੇਂ ਕਾਰਾਂ ਆਪਸ ’ਚ ਟਕਰਾ ਗਈਆਂ ਤੇ ਉਹ ਆਪਣੀ ਕਾਰ ਸਮੇਤ ਖੱਡ ਵਿਚ ਜਾ ਡਿੱਗਾ ਪਰ ਗਨੀਮਤ ਰਹੀ ਕਿ ਉਸ ਦੀ ਕਾਰ ਪਲਟੀ ਨਹੀਂ, ਇਸ ਲਈ ਸੱਟ ਲੱਗਣ ਤੋਂ ਬਚਾਅ ਹੋ ਗਿਆ, ਜਦਕਿ ਦੂਜੇ ਚਾਲਕ ਦੇ ਵੀ ਕੋਈ ਸੱਟ ਨਹੀਂ ਲੱਗੀ।