ਮਨੀ ਐਕਸਚੇਂਜਰ ਲੁੱਟਕਾਂਡ ਦੇ 2 ਹੋਰ ਦੋਸ਼ੀ ਗ੍ਰਿਫਤਾਰ
Saturday, Aug 19, 2017 - 04:16 AM (IST)
ਲੁਧਿਆਣਾ, (ਪੰਕਜ)- ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਨੀ ਐਕਸਚੇਂਜਰ ਲੁੱਟਕਾਂਡ ਦੇ ਦੋ ਹੋਰ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਤੋਂ ਹੋਈ ਪੁੱਛਗਿੱਛ 'ਚ ਇਹ ਵੀ ਖੁਲਾਸਾ ਹੋਣ ਦੀ ਖ਼ਬਰ ਹੈ ਕਿ ਇਲਾਕੇ 'ਚ ਫੜੇ ਗਏ ਤਾਰੀ ਗਿਰੋਹ ਤੋਂ ਇਲਾਵਾ ਵੀ ਇਕ ਗਿਰੋਹ ਸਰਗਰਮ ਹੈ, ਜਿਨ੍ਹਾਂ ਨੇ ਕਈ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।
ਗਿੱਲ ਚੌਕ ਸਥਿਤ ਫੋਰੈਕਸ ਮਨੀ ਐਕਸਚੇਂਜਰ ਦੇ ਮਾਲਕ ਅਮਿਤ ਮਲਹੋਤਰਾ ਅਤੇ ਫਿਰ ਪਾਲ ਮਨੀ ਐਕਸਚੇਂਜਰ ਦੇ ਨਰੇਸ਼ ਕੁਮਾਰ ਮਲਹੋਤਰਾ ਦੇ ਨਾਲ ਘਟੀ ਵਾਰਦਾਤ 'ਚ ਪੁਲਸ ਨੇ ਅਵਤਾਰ ਸਿੰਘ ਤਾਰੀ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਇਸ ਗਿਰੋਹ ਦੇ 2 ਸਾਥੀ ਫਰਾਰ ਹੋ ਗਏ ਸਨ। ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਵੀ ਮਾਡਲ ਟਾਊਨ ਦੀ ਪੁਲਸ ਪਾਰਟੀ ਨੇ ਹਿਰਾਸਤ 'ਚ ਲੈ ਕੇ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਨਾ ਸਿਰਫ ਆਪਣਾ ਜੁਰਮ ਕਬੂਲ ਕੀਤਾ, ਬਲਕਿ ਇਲਾਕੇ 'ਚ ਇਕ ਹੋਰ ਗਿਰੋਹ ਸਰਗਰਮ ਹੋਣ ਦਾ ਰਾਜ ਵੀ ਉਗਲ ਦਿੱਤਾ।
ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪੁਲਸ ਨੇ ਵਿੱਕੀ ਸੋਢੀ ਉਰਫ ਕਾਲੀ ਅਤੇ ਅਮਨ ਉਰਫ ਡੌਂਕੀ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪੁੱਛਗਿੱਛ ਵਿਚ ਦੱਸਿਆ ਕਿ ਉਨ੍ਹਾਂ ਨੇ ਅਵਤਾਰ ਸਿੰਘ ਤਾਰੀ, ਕੁਲਦੀਪ ਉਰਫ ਬਾਊ, ਗੁਰਸੇਵਕ ਗਿਆਨੀ ਅਤੇ ਪ੍ਰਿੰਸ ਨਾਲ ਮਿਲ ਕੇ ਮਨੀ ਐਕਸਚੇਂਜਰ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਸੀ।
ਉਧਰ ਹੈਰਾਨੀ ਦੀ ਗੱਲ ਹੈ ਕਿ ਗਿਰੋਹ ਵੱਲੋਂ ਮਾਡਲ ਟਾਊਨ, ਸ਼ਿਮਲਾਪੁਰੀ ਅਤੇ ਡਵੀਜ਼ਨ ਨੰ. 2 ਦੇ ਇਲਾਕੇ ਵਿਚ ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਕਈ ਵਾਰਾਦਾਤਾਂ ਨੂੰ ਅੰਜਾਮ ਦੇਣਾ ਤਾਂ ਕਬੂਲਿਆ ਹੈ ਪਰ ਇਨ੍ਹਾਂ ਵਾਰਦਾਤਾਂ 'ਚ ਲੁੱਟ ਦਾ ਸ਼ਿਕਾਰ ਪੀੜਤਾਂ ਦੇ ਮਾਮਲਿਆਂ 'ਚ ਪੁਲਸ ਕਾਰਵਾਈ ਨਹੀਂ ਕੀਤੀ ਗਈ ਜਾਂ ਫਿਰ ਲੋਕ ਪੁਲਸ ਦੇ ਕੋਲ ਨਹੀਂ ਪਹੁੰਚੇ। ਇਹ ਬੇਹੱਦ ਗੰਭੀਰ ਸਵਾਲ ਹੈ, ਕਿਉਂਕਿ ਦਰਜਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਲੁਟੇਰਿਆਂ ਨੂੰ ਪਬਲਿਕ ਅਤੇ ਪੁਲਸ ਦੀ ਇਸ ਨਾਲਾਇਕੀ ਦਾ ਫਾਇਦਾ ਮਿਲਣਾ ਤੈਅ ਹੈ।
