ਜਾਅਲੀ ਨਾਂ ਤੇ ਪਤੇ ''ਤੇ ਲੋਨ ਨਾਲ ਨਵੀਆਂ ਗੱਡੀਆਂ ਲੈਣ ਵਾਲੇ ਗਿਰੋਹ ਦੇ 2 ਮੈਂਬਰ ਕਾਬੂ
Thursday, Oct 05, 2017 - 07:52 AM (IST)
ਬਨੂੜ, (ਗੁਰਪਾਲ)- ਥਾਣਾ ਮੁਖੀ ਬਨੂੜ ਇੰਸ. ਸ਼ਮਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਇਕ ਜਾਅਲੀ ਨਾਂ, ਪਤੇ ਅਤੇ ਆਈ. ਡੀ. ਪਰੂਫ ਬਣਾ ਕੇ ਲੋਨ 'ਤੇ ਨਵੀਆਂ ਗੱਡੀਆਂ ਕਢਵਾਉਣ, ਅੱਗੇ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਕੋਲੋਂ 10 ਲਗਜ਼ਰੀ ਗੱਡੀਆਂ ਅਤੇ 4 ਕੀਮਤੀ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਗੱਡੀਆਂ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਇਸ ਸਬੰਧੀ ਥਾਣਾ ਬਨੂੜ ਵਿਖੇ ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਅਤੇ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਵਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਗੋਰਾਇਆ ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਅਤੇ ਸੁਸ਼ੀਲ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੂਨਾਕੇਟ ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ, ਜੋ ਕਿ ਆਪਣੇ ਜਾਅਲੀ ਆਈ. ਡੀ. ਪਰੂਫ ਬਣਾ ਕੇ ਉਨ੍ਹਾਂ 'ਤੇ ਲੋਨ ਲੈ ਕੇ ਨਵੀਆਂ ਗੱਡੀਆਂ ਸ਼ੋਅ ਰੂਮਾਂ ਵਿਚੋਂ ਕਢਵਾ ਲੈਂਦੇ ਹਨ ਅਤੇ ਉਨ੍ਹਾਂ ਦੇ ਬਿੱਲਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਜਾਅਲੀ ਬਿੱਲ ਤਿਆਰ ਕਰ ਕੇ, ਜਿਨ੍ਹਾਂ 'ਤੇ ਲੋਨ ਨਹੀਂ ਚੜ੍ਹਿਆ ਹੁੰਦਾ ਸੀ, ਦੀਆਂ ਰਜਿਸਟ੍ਰੇਸ਼ਨ ਕਾਪੀਆਂ ਬਣਾ ਕੇ ਅੱਗੇ ਲੋਕਾਂ ਨੂੰ ਸਸਤੇ ਭਾਅ 'ਤੇ ਵੇਚ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਬਨੂੜ ਬੈਰੀਅਰ 'ਤੇ ਨਾਕਾ ਲਾ ਕੇ ਉਕਤ ਦੋਵਾਂ ਨੌਜਵਾਨਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਜ਼ੀਰਕਪੁਰ ਤੋਂ ਪਟਿਆਲੇ ਵਿਖੇ ਕਾਰਾਂ ਵੇਚਣ ਲਈ ਜਾ ਰਹੇ ਸਨ। ਇਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਗਿਰੋਹ ਕੋਲੋਂ 10 ਲਗਜ਼ਰੀ ਗੱਡੀਆਂ, ਜਿਨ੍ਹਾਂ ਵਿਚ ਸਕੋਡਾ, ਆਈ-20, ਈਟੀਓਸ, ਸਵਿਫਟ ਡਿਜ਼ਾਇਰ, ਫੋਰਡ ਇੰਕੋਸਪੋਰਟ, ਫੋਰਡ ਫੀਗੋ, ਸ਼ੈਵਰਲੇ ਸੇਲ ਤੋਂ ਇਲਾਵਾ 4 ਮਹਿੰਗੇ ਮੋਟਰਸਾਈਕਲ, ਜਿਨ੍ਹਾਂ ਵਿਚ 2 ਬੁਲਟ ਤੋਂ ਇਲਾਵਾ ਦੋ ਹੋਰ ਮੋਟਰਸਾਈਕਲ ਬਰਾਮਦ ਹੋਏ ਹਨ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 6 ਦਿਨਾਂ ਦਾ ਰਿਮਾਂਡ ਹਾਸਲ ਕਰ ਕੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਗੱਡੀਆਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਗੱਡੀਆਂ ਬਰਾਮਦ ਹੋਣ ਦੀ ਆਸ ਹੈ।
