ਭਾਖੜਾ ਨਹਿਰ ''ਚੋਂ 2 ਲਾਸ਼ਾਂ ਬਰਾਮਦ
Friday, Nov 24, 2017 - 05:08 AM (IST)

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਗੰਗੂਵਾਲ ਪਾਵਰ ਹਾਊਸ ਵਿਖੇ ਨੰਗਲ ਹਾਈਡਲ ਨਹਿਰ 'ਚੋਂ ਇਕ ਮਹਿਲਾ (47) ਤੇ ਇਕ ਪੁਰਸ਼ (35-40) ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਬਰਾਮਦ ਲਾਸ਼ਾਂ 'ਚੋਂ ਮਹਿਲਾ ਲੁਧਿਆਣਾ ਦੇ ਹੈਬੋਵਾਲ ਕਲਾਂ ਤੋਂ ਲਾਪਤਾ ਹੋਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੰਗੂਵਾਲ ਪਾਵਰ ਹਾਊਸ ਵਿਖੇ ਨੰਗਲ ਹਾਈਡਲ ਨਹਿਰ 'ਚ ਦੋ ਲਾਸ਼ਾਂ ਗੇਟਾਂ 'ਤੇ ਲੱਗੀਆਂ ਹੋਈਆਂ ਹਨ। ਅਸੀਂ ਮੌਕੇ 'ਤੇ ਪੁੱਜ ਕੇ ਲਾਸ਼ਾਂ ਕਢਵਾਈਆਂ। ਇਨ੍ਹਾਂ 'ਚੋਂ ਮਹਿਲਾ ਦੀ ਸ਼ਨਾਖਤ ਸਿੰਮੀ ਟੰਡਨ ਪਤਨੀ ਰਾਜੇਸ਼ ਟੰਡਨ ਵਾਸੀ 174 ਡਰੀਮ ਲੈਂਡ ਕਾਲੋਨੀ ਹੈਬੋਵਾਲ ਕਲਾਂ ਲੁਧਿਆਣਾ ਵੱਜੋਂ ਹੋਈ ਹੈ, ਜਦਕਿ ਪੁਰਸ਼ ਦੀ ਲਾਸ਼ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ।
ਮੌਤ ਤੋਂ ਪਹਿਲਾਂ ਮੰਦਿਰ ਦੇ ਪ੍ਰਬੰਧਕਾਂ ਨੇ ਸਿੰਮੀ ਨੂੰ ਸ਼ਰਨ ਦੇਣ ਤੋਂ ਕੀਤਾ ਸੀ ਇਨਕਾਰ
ਸਿੰਮੀ ਟੰਡਨ 16 ਨਵੰਬਰ 2017 ਨੂੰ ਲਾਪਤਾ ਹੋਈ ਸੀ, ਜਿਸ ਸੰਬੰਧੀ ਮਾਮਲਾ ਲੁਧਿਆਣਾ ਵਿਖੇ ਦਰਜ ਹੈ। ਜਾਣਕਾਰੀ ਅਨੁਸਾਰ ਸਿੰਮੀ ਡਿਪ੍ਰੈਸ਼ਨ 'ਚ ਸੀ ਤੇ ਆਪਣੀ ਸਕੂਟਰੀ 'ਤੇ ਰਾਹੋਂ ਗਈ, ਜਿਸ ਤੋਂ ਬਾਅਦ ਨਵਾਂਸ਼ਹਿਰ ਬੱਸ ਅੱਡੇ ਤੋਂ ਇਕ ਟੈਕਸੀ 'ਚ ਸਵਾਰ ਹੋ ਕੇ ਨੰਗਲ ਆਈ ਤੇ ਸ਼ਾਮ ਨੂੰ ਸਾਢੇ ਪੰਜ ਵਜੇ ਨੰਗਲ ਦੇ ਇਕ ਮੰਦਿਰ 'ਚ ਰਾਤ ਨੂੰ ਠਹਿਰਣ ਲਈ ਕਿਹਾ ਪਰ ਮੰਦਿਰ ਵਾਲਿਆਂ ਨੇ ਉਸ ਨੂੰ ਸਾਫ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਸ ਦੀ ਲਾਸ਼ ਅੱਜ ਨਹਿਰ 'ਚੋਂ ਬਰਾਮਦ ਹੋਈ।
ਉਧਰ, ਪੁਲਸ ਨੇ ਜਿਥੇ ਸਿੰਮੀ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ, ਉਥੇ ਹੀ ਪੁਰਸ਼ ਦੀ ਲਾਸ਼ ਨੂੰ 72 ਘੰਟਿਆਂ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮੁਰਦਾਘਰ 'ਚ ਸ਼ਨਾਖਤ ਲਈ ਰਖਵਾ ਦਿੱਤਾ ਹੈ।