ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ

Friday, Oct 23, 2020 - 01:54 AM (IST)

ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ

ਕਪੂਰਥਲਾ,(ਭੂਸ਼ਣ/ਮਲਹੋਤਰਾ)- ਕਪੂਰਥਲਾ ਸਮੇਤ ਆਸ-ਪਾਸ ਦੇ ਜ਼ਿਲਿਆਂ ’ਚ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਦੇ ਹੁਕਮਾਂ ’ਤੇ ਡੀ. ਐੱਸ. ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਦੀਪਕ ਸ਼ਰਮਾ ਨੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਦੇ ਨਾਲ ਅੰਮ੍ਰਿਤਸਰ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਸੀ ਕਿ ਰਾਜਨਦੀਪ ਸਿੰਘ ਉਰਫ ਬਿੱਲੂ ਪੁੱਤਰ ਗੁਰਵੇਲ ਸਿੰਘ ਉਰਫ ਗੋਲਾ ਤੇ ਗੁਰਸੇਵਕ ਸਿੰਘ ਉਰਫ ਪੱਗੀ ਪੁੱਤਰ ਪ੍ਰਗਟ ਸਿੰਘ ਉਰਫ ਪੱਗਾ ਵਾਸੀ ਪਿੰਡ ਚੱਕ ਮੇਹਰ, ਥਾਣਾ ਗੋਇੰਦਵਾਲ ਸਾਹਿਬ ਜ਼ਿਲਾ ਤਰਨਤਾਰਨ, ਜੋ ਕਿ ਮੋਟਰਸਾਇਕਲ ਚੋਰੀ ਕਰਨ ਵਾਲੇ ਗੈਂਗ ਦੇ ਮੈਂਬਰ ਹਨ। ਇਸ ਸਮੇਂ ਚੋਰੀ ਕੀਤੇ ਗਏ ਬਿਨਾਂ ਨੰਬਰ ਦੇ ਇਕ ਮੋਟਰਸਾਈਕਲ ’ਤੇ ਫੱਤੂਢੀਂਗਾ ਸਾਈਡ ਵੱਲੋਂ ਕਪੂਰਥਲਾ ਸ਼ਹਿਰ ’ਚ ਆ ਰਹੇ ਹਨ ਤੇ ਮੋਟਰਸਾਇਕਲ ਵੇਚਣ ਦੇ ਲਈ ਗਾਹਕ ਦੀ ਤਲਾਸ਼ ’ਚ ਹੈ। ਜਿਸ ’ਤੇ ਜਦੋਂ ਨਾਕਾਬੰਦੀ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁਛਗਿਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕੋਲ ਚੋਰੀ ਦੇ 4 ਹੋਰ ਮੋਟਰਸਾਈਕਲ ਹਨ ਜੋ ਉਨ੍ਹਾਂ ਅੰਮ੍ਰਿਤਸਰ ਖੇਤਰ ਤੋਂ ਚੋਰੀ ਕੀਤੇ ਸਨ। ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕੁੱਲ 5 ਚੋਰੀਸ਼ੁਦਾ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਦੋਵਾਂ ਮੁਲਜ਼ਮਾਂ ਤੋਂ ਪੁਛਗਿਛ ਦਾ ਦੌਰ ਜਾਰੀ ਹੈ। ਪੁਛਗਿਛ ਦੌਰਾਨ ਕਈ ਅਹਿਮ ਖੁਲਾਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


author

Bharat Thapa

Content Editor

Related News