ਮੋਗਾ ''ਚ ਗੈਂਗਸਟਰ ਅਰਸ਼ ਡੱਲਾ ਦੇ ਦੋ ਸਾਥੀ ਅਸਲੇ ਸਮੇਤ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ
Sunday, Dec 18, 2022 - 06:42 PM (IST)
ਮੋਗਾ (ਆਜ਼ਾਦ) : ਦੱਤ ਰੋਡ ਮੋਗਾ ਨਿਵਾਸੀ ਇਕ ਪ੍ਰਾਪਰਟੀ ਡੀਲਰ ਤੋਂ 2 ਕਰੋੜ ਦੀ ਫਿਰੌਤੀ ਨਾ ਮਿਲਣ ’ਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਨਿਸ਼ਾਨਾ ਬਣਾ ਕੇ 3 ਦਸੰਬਰ ਨੂੰ ਫਾਇਰਿੰਗ ਕੀਤੀ ਸੀ। ਉਕਤ ਮਾਮਲੇ ਵਿਚ ਮੋਗਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਗੈਂਗਸਟਰ ਅਰਸ਼ ਡੱਲਾ ਦੇ 2 ਸਾਥੀ ਸੰਦੀਪ ਸਿੰਘ ਉਰਫ ਸੀਪਾ ਅਤੇ ਹਰਜੀਤ ਸਿੰਘ ਉਰਫ ਗੱਬਰ ਦੋਨੋਂ ਨਿਵਾਸੀ ਦੁਸਾਂਝ ਨੂੰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਪੁਲਸ ਨੇ ਵਾਰਦਾਤ ਸਮੇਂ ਵਰਤਿਆ ਗਿਆ ਕੋਟ ਈਸੇ ਖਾਂ ਤੋਂ ਖੋਹਿਆ ਗਿਆ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਐੱਸ. ਪੀ. ਐੱਚ. ਮਨਮੀਤ ਸਿੰਘ ਨੇ ਦੱਸਿਆ ਕਿ ਬੀਤੀ 3 ਦਸੰਬਰ ਨੂੰ ਦੇਰ ਸ਼ਾਮ ਦੱਤ ਰੋਡ ਮੋਗਾ ਨਿਵਾਸੀ ਪ੍ਰਾਪਰਟੀ ਡੀਲਰ ਤੋਂ ਗੈਂਗਸਟਰਾਂ ਵਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਮਿਲਣ ’ਤੇ ਗੈਂਗਸਟਰ ਅਰਸ਼ ਡੱਲਾ ਦੇ 2 ਸਾਥੀਆਂ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਅੱਗੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਲੱਗਣ ਕਾਰਨ ਸਪੇਨ ਗਏ ਮੁਕਤਸਰ ਦੇ ਨੌਜਵਾਨ ਦੀ ਅਚਾਨਕ ਮੌਤ, ਗਮ 'ਚ ਡੁੱਬਾ ਪਰਿਵਾਰ
ਪੁਲਸ ਪਾਰਟੀ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਜੀ. ਟੀ. ਰੋਡ ਬਰਨਾਲਾ-ਜਲੰਧਰ ਹਾਈਵੇ ਬਾਈਪਾਸ ’ਤੇ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਦਾ ਯਤਨ ਕੀਤਾ, ਤਾਂ ਦੋਵੇਂ ਡਿੱਗ ਗਏ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਜਾ ਦਬੋਚਿਆ। ਦੋਹਾਂ ਦੀ ਤਲਾਸ਼ੀ ਲੈਣ ’ਤੇ ਸੰਦੀਪ ਸਿੰਘ ਸੀਪਾ ਕੋਲੋਂ ਇਕ ਦੇਸੀ ਪਿਸਟਲ 30 ਬੋਰ, ਤਿੰਨ ਕਾਰਤੂਸ ਅਤੇ ਹਰਜੀਤ ਸਿੰਘ ਗੱਬਰ ਤੋਂ ਇਕ 32 ਬੋਰ ਦੇਸੀ ਪਿਸਟਲ ਅਤੇ 3 ਕਾਰਤੂਸ ਬਰਾਮਦ ਕੀਤੇ ਗਏ ਅਤੇ ਮੋਟਰਸਾਈਕਲ ਦੀ ਤਲਾਸ਼ੀ ਲੈਣ ’ਤੇ 350 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧ ਵਿਚ ਪੁਲਸ ਵੱਲੋਂ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ। ਪੁੱਛਗਿੱਛ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਦੋਵੇਂ ਦੋਸਤ ਹਨ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਪੂਰੇ ਹੋਣ ਤੋਂ ਪਹਿਲਾਂ ਲੁੱਟੀਆਂ ਗਈਆਂ ਖ਼ੁਸ਼ੀਆਂ, ਉੱਘੇ ਕਬੱਡੀ ਖ਼ਿਡਾਰੀ ਦੀ ਹਾਦਸੇ 'ਚ ਮੌਤ
ਸੰਦੀਪ ਸਿੰਘ ਸੀਪਾ ਬੀਤੀ 28 ਜੁਲਾਈ 2022 ਨੂੰ ਸੈਂਟਰਲ ਜੇਲ੍ਹ ਫਰੀਦਕੋਟ ਤੋਂ ਆਇਆ ਸੀ ਅਤੇ ਉਸਦੀ ਜੇਲ੍ਹ ਤੋਂ ਹੀ ਜੈਕਪਾਲ ਸਿੰਘ ਲਾਲੀ ਜੋ ਸਪੇਨ ਵਿਚ ਰਹਿੰਦਾ ਹੈ, ਨਾਲ ਗੱਲਬਾਤ ਹੋਈ, ਜਿਸ ਨੇ ਵਿਦੇਸ਼ੀ ਨੰਬਰ ਤੋਂ ਮੇਰਾ ਵਟਸਅਪ ਚਾਲੂ ਕੀਤਾ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਕੈਨੇਡਾ ਵਿਚ ਗੱਲ ਕਰਵਾਈ ਅਤੇ ਉਸਨੇ ਮੈਨੂੰ ਕਿਹਾ ਕਿ ਤੂੰ ਮੋਗਾ ਵਿਚ ਗੋਲੀਆਂ ਚਲਾਉਣੀਆਂ ਹਨ, ਮੈਂ ਤੈਨੂੰ ਪੈਸੇ ਦੇਵਾਂਗਾ। ਅਰਸ਼ ਡੱਲਾ ਨੇ ਸਾਨੂੰ ਦੋਹਾਂ ਨੂੰ 29 ਹਜ਼ਾਰ ਰੁਪਏ ਵੱਖ-ਵੱਖ ਖਾਤਿਆਂ ਵਿਚ ਭੇਜੇ ਅਤੇ ਉਸਦੇ ਕਹਿਣ ’ਤੇ ਅਸੀਂ ਪ੍ਰਾਪਰਟੀ ਡੀਲਰ ਦੇ ਘਰ ਦੇ ਅੱਗੇ ਉਸ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਸਨ। ਕਾਬੂ ਕੀਤੇ ਗਏ ਦੋਹਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਕਤ ਦੋਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਹੋ ਵਿਦੇਸ਼ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।