ਦਿਲਜੀਤ ਦੌਸਾਂਝ ''ਤੇ ਕਿਸਾਨਾਂ ਦੀ ਆੜ ''ਚ ਰਾਜਨੀਤੀ ਕਰਨ ਦੇ ਇਲਜ਼ਾਮ

09/26/2020 9:37:47 AM

ਜਲੰਧਰ (ਬਿਊਰੋ) : ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਲਗਾਤਾਰ ਕਿਸਾਨਾਂ ਦੇ ਹੱਕ 'ਚ ਟਵੀਟ ਕਰਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਇਸ ਦੇ ਚੱਲਦਿਆਂ ਇੱਕ ਟਵਿੱਟਰ ਯੂਜ਼ਰ ਨੇ ਦਿਲਜੀਤ ਦੁਸਾਂਝ 'ਤੇ ਰਾਜਨੀਤੀ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਹੈ, ਜਿਸ ਦਾ ਖ਼ੁਦ ਦਿਲਜੀਤ ਦੌਸਾਂਝ ਨੇ ਵੀ ਜ਼ਬਰਦਸਤ ਢੰਗ ਨਾਲ ਜਵਾਬ ਦਿੱਤਾ। ਦਿਲਜੀਤ ਦੌਸਾਂਝ ਨੇ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ "ਰਾਜਨੀਤੀ ! ਓਏ ਹਰ ਗੱਲ 'ਚ ਰਾਜਨੀਤੀ, ਬਸ ਕਰੋ ਅਤੇ ਸ਼ਰਮ ਕਰੋ।" ਦਿਲਜੀਤ ਦੌਸਾਂਝ ਦੇ ਇਸ ਟਵੀਟ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਵੀ ਕਰ ਰਹੇ ਹਨ।

ਦਿਲਜੀਤ ਦੌਸਾਂਝ 'ਤੇ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਯੂਜ਼ਰ ਨੇ ਕਿਹਾ, "ਭਾਜੀ ਲੱਗ ਤਾਂ ਇਹੀ ਰਿਹਾ ਹੈ ਕੇ ਕਿਸਾਨਾਂ ਦੀ ਆੜ 'ਚ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ।" ਇਸ 'ਤੇ ਦਿਲਜੀਤ ਦੌਸਾਂਝ ਨੇ ਯੂਜ਼ਰ ਨੂੰ ਢੁਕਵਾਂ ਜਵਾਬ ਦਿੱਤਾ, "ਹਾਂ, ਸਾਰਾ ਪੰਜਾਬ ਜੋ ਸੜਕਾਂ 'ਤੇ ਆ ਗਿਆ ਹੈ, ਉਹ ਰਾਜਨੀਤੀ ਦੀ ਹੀ ਤਿਆਰੀ ਕਰ ਰਿਹਾ ਹੈ। ਹੱਦ ਹੈ! ਅਕਲ ਨੂੰ ਹੱਥ ਮਾਰ ਲੋ ਕੋਈ, ਹਰ ਗੱਲ  'ਤੇ ਰਾਜਨੀਤੀ। ਓਏ ਬਸ ਕਰੋ ਥੋੜੀ ਬਹੁਤੀ ਸ਼ਰਮ ਕਰਲੋ।" ਦਿਲਜੀਤ ਦੌਸਾਂਝ ਨੇ ਪਹਿਲਾਂ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰ ਨੂੰ ਢੁਕਵਾਂ ਜਵਾਬ ਦਿੱਤਾ ਹੈ।

ਦੱਸ ਦੇਈਏ ਕਿ ਦਿਲਜੀਤ ਦੌਸਾਂਝ ਦੇ ਨਾਲ ਐਮੀ ਵਿਰਕ, ਮੀਕਾ ਸਿੰਘ ਅਤੇ ਉਰਮਿਲਾ ਮਾਤੋਂਡਕਰ ਵਰਗੇ ਕਈ ਕਲਾਕਾਰਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਦੂਜੇ ਪਾਸੇ ਦੇਸ਼ ਭਰ ਤੋਂ ਆਏ ਕਿਸਾਨਾਂ ਨੇ ਬੀਤੇ ਦਿਨ ਕਿਸਾਨ ਬਿੱਲਾਂ ਵਿਰੁੱਧ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਪੰਜਾਬ ਅਤੇ ਹਰਿਆਣਾ 'ਚ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨ ਖੇਤੀਬਾੜੀ ਬਿੱਲ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਇਸ ਬੰਦ 'ਚ ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸ਼ਾਮਲ ਹਨ।
 


sunita

Content Editor

Related News