ਅਹਿਮ ਖ਼ਬਰ : PGI 'ਚ ਪਹਿਲੀ ਵਾਰ ਬਿਨਾਂ ਓਪਨ ਸਰਜਰੀ ਦੇ ਬਚਾਈ ਗਈ 75 ਸਾਲਾ ਔਰਤ ਦੀ ਜਾਨ
Monday, Apr 17, 2023 - 10:56 AM (IST)
ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਪਹਿਲੀ ਵਾਰ ਹਾਰਟ ਦੇ ਮਰੀਜ਼ ਦਾ ਇਲਾਜ ਟਰਾਂਸ ਕੈਥੇਟਰ ਏਓਰਟਿਕ ਵਾਲਵ ਰਿਪਲੇਸਮੈਂਟ (ਟੀ. ਏ. ਵੀ. ਆਰ.) ਰਾਹੀਂ ਕੀਤਾ ਗਿਆ ਹੈ। ਇਹ ਹਾਰਟ ਦੇ ਮਰੀਜ਼ਾਂ ਲਈ ਇਕ ਅਜਿਹੀ ਤਕਨੀਕ ਹੈ, ਜਿਸ 'ਚ ਓਪਨ ਹਾਰਟ ਸਰਜਰੀ ਦੀ ਲੋੜ ਨਹੀਂ ਪੈਂਦੀ। ਮਰੀਜ਼ ਦੇ ਪੈਰ ਦੀ ਨਸ ਰਾਹੀਂ ਵਾਲਵ ਨੂੰ ਦਿਲ ਤੱਕ ਲਿਜਾਇਆ ਜਾਂਦਾ ਹੈ। ਪੁਰਾਣੇ ਵਾਲਵ ਦੇ ਅੰਦਰ ਨਵੇਂ ਵਾਲਵ ਨੂੰ ਗੁਬਾਰੇ ਦੀ ਮਦਦ ਨਾਲ ਸਥਾਪਿਤ ਕਰ ਦਿੱਤਾ ਜਾਂਦਾ ਹੈ। ਪੀ. ਜੀ. ਆਈ. ਕਾਰਡੀਓਲਾਜੀ ਡਿਪਾਰਟਮੈਂਟ ਦੇ ਡਾ. ਵਿਜੇ ਵਰਗੀਏ ਦੀ ਦੇਖ-ਰੇਖ 'ਚ ਇਹ ਸਰਜਰੀ ਹੋਈ ਹੈ। ਡਾ. ਵਰਗੀਏ ਨੇ ਦੱਸਿਆ ਕਿ 75 ਸਾਲਾ ਔਰਤ ਦੀ ਇਹ ਸਰਜਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ 'ਆਪ' ਵੱਲੋਂ ਅੱਜ ਭਰੇ ਜਾਣਗੇ ਉਮੀਦਵਾਰ ਦੇ ਕਾਗਜ਼
ਮਰੀਜ਼ ਪਹਿਲਾਂ ਤੋਂ ਬਿਹਤਰ ਹੈ। ਅਗਲੇ ਦੋ ਦਿਨਾਂ 'ਚ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਪੀ. ਜੀ. ਆਈ. 'ਚ ਹੀ ਨਹੀਂ, ਸਗੋਂ ਨਾਰਥ ਰੀਜਨ 'ਚ ਇਹ ਪਹਿਲੀ ਅਜਿਹੀ ਸਰਜਰੀ ਹੈ, ਜਿਸ 'ਚ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਹ ਤਕਨੀਕ ਆਪਣੇ ਆਪ 'ਚ ਖ਼ਾਸ ਇਸ ਲਈ ਹੈ ਕਿ ਇਸ 'ਚ ਮਰੀਜ਼ ਨੂੰ ਓਪਨ ਸਰਜਰੀ ’ਚੋਂ ਨਹੀਂ ਨਿਕਲਣਾ ਪੈਂਦਾ। ਇਹ ਸਰਜਰੀ ਵੱਡੀ ਉਮਰ ਦੇ ਮਰੀਜ਼ ਲਈ ਬਹੁਤ ਵਧੀਆ ਹੈ ਕਿਉਂਕਿ ਉਮਰ ਦੇ ਨਾਲ ਮੁਸ਼ਕਲਾਂ ਵੱਧ ਜਾਂਦੀਆਂ ਹਨ, ਅਜਿਹੇ 'ਚ ਰਿਕਵਰੀ ਚੰਗੀ ਰਹਿੰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ 'ਤੇ ਛਾਈ ਸੁੰਨ
ਮਰੀਜ਼ ਨੂੰ ਪ੍ਰੋਸੀਜ਼ਰ ਤੋਂ ਬਾਅਦ ਜਲਦੀ ਰਿਕਵਰੀ
ਮੇਨ ਆਰਟਰੀ ਵਾਲਵ ਸਟੇਨੋਸਿਸ ਦੇ ਗੰਭੀਰ ਲੱਛਣਾਂ ਤੋਂ ਪੀੜਤ ਰੋਗੀਆਂ 'ਚ ਟੀ. ਏ. ਵੀ. ਆਈ. ਕੀਤਾ ਜਾਂਦਾ ਹੈ। ਟਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ ਦਾ ਮਕਸਦ ਸਟੇਨੋਜਡ ਜਾਂ ਕੈਲਸੀਫਾਈਡ ਏਓਰਟਿਕ ਵਾਲਵ ਨੂੰ ਨਵੇਂ ਟਿਕਾਊ ਵਾਲਵ ਨਾਲ ਬਦਲਣਾ ਹੈ, ਜੋ ਮਰੀਜ਼ ਓਪਨ ਹਾਰਟ ਸਰਜਰੀ ਲਈ ਫਿੱਟ ਨਹੀਂ ਹੁੰਦੇ, ਉਨ੍ਹਾਂ ਮਰੀਜ਼ਾਂ ਲਈ ਇਹ ਤਕਨੀਕ ਕਾਫ਼ੀ ਕਾਰਗਰ ਹੈ। ਖ਼ਾਸ ਗੱਲ ਇਹ ਕਿ ਇਸ 'ਚ ਮਰੀਜ਼ ਨੂੰ ਪ੍ਰੋਸੀਜ਼ਰ ਤੋਂ ਬਾਅਦ ਜਲਦੀ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਇਸ 'ਚ ਕੋਈ ਚੀਰਫਾੜ ਨਹੀਂ ਹੁੰਦੀ ਹੈ, ਇਸ ਲਈ ਮਰੀਜ਼ ਜਲਦੀ ਆਪਣੀ ਆਮ ਜ਼ਿੰਦਗੀ ’ਤੇ ਵਾਪਸ ਆ ਜਾਂਦਾ ਹੈ। ਟੀ. ਏ. ਵੀ. ਆਈ. ਇਕ ਤੇਜ਼ੀ ਨਾਲ ਵੱਧਦੀ ਤਕਨੀਕ ਹੈ।
ਜ਼ੋਖਮ ਨੂੰ ਘੱਟ ਕਰਦੀ ਹੈ
ਹਾਰਟ ਵਾਲਵ ਖ਼ਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਦੋਂ ਦਿਲ 'ਚ ਮੌਜੂਦ 4 ਵਿਚੋਂ ਇਕ ਜਾਂ ਇਕ ਤੋਂ ਜ਼ਿਆਦਾ ਵਾਲਵ ਕੰਮ ਨਹੀਂ ਕਰਦੇ ਹਨ ਤਾਂ ਹਾਰਟ ਵਾਲਵ ਬਦਲਣਾ ਪੈਂਦਾ ਹੈ। ਡਾਕਟਰਾਂ ਮੁਤਾਬਕ ਪਿਛਲੇ ਕੁੱਝ ਸਾਲਾਂ ਤੋਂ ਕਰੀਬ ਸਾਰੇ ਮਰੀਜ਼ਾਂ 'ਚ ਓਪਨ ਹਾਰਟ ਸਰਜਰੀ ਦੀ ਬਜਾਏ ਇਸ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਓਪਨ ਹਾਰਟ ਸਰਜਰੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਵਾਲਵਾਂ ਦੀ ਤੁਲਨਾ 'ਚ ਟੀ. ਏ. ਵੀ. ਆਰ. ਪ੍ਰਕਿਰਿਆ 'ਚ ਵਰਤੇ ਜਾਣ ਵਾਲੇ ਵਾਲਵਾਂ ਦੇ ਜ਼ੋਖਮ ਨੂੰ ਘੱਟ ਕਰਦਾ ਹੈ। ਟੀ. ਏ. ਵੀ. ਆਰ. ਉਨ੍ਹਾਂ ਮਰੀਜ਼ਾਂ ਲਈ ਬਹੁਤ ਵਧੀਆ ਹੈ, ਜਿਨ੍ਹਾਂ ਦੀ ਓਪਨ ਹਾਰਟ ਸਰਜਰੀ ਕੁੱਝ ਮੈਡੀਕਲ ਕਾਰਨਾਂ ਕਰ ਕੇ ਨਹੀਂ ਹੋ ਸਕਦੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ