ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ

Saturday, May 27, 2023 - 04:38 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ

ਜਲੰਧਰ (ਪਾਹਵਾ) : ਕਰਨਾਟਕ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਚੋਣਾਂ ਲਈ ਕਮਰ ਕੱਸ ਰਹੀ ਹੈ। ਪਾਰਟੀ ਆਗੂਆਂ ਦੇ ਮੱਥੇ ’ਤੇ ਖਾਸ ਕਰ ਕੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮੱਧ ਪ੍ਰਦੇਸ਼ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਸੂਬੇ ’ਚ ਜੋਤੀਰਾਦਿੱਤਿਆ ਸਿੰਧੀਆ ਅਤੇ ਸਮਰਥਕ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਭਾਜਪਾ ਦੇ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ, ਜਿਸ ਕਾਰਨ ਪਾਰਟੀ ਦੀ ਚਿੰਤਾ ਵਧ ਗਈ ਹੈ। 

ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਦੇ ਸੰਪਰਕ ’ਚ ਕਈ ਕਾਂਗਰਸੀ, ਨਿਗਮ ਚੋਣਾਂ ਤੋਂ ਪਹਿਲਾਂ ਹੋ ਸਕਦੈ ਵੱਡਾ ਧਮਾਕਾ

ਕਰਨਾਟਕ ਹਾਰ ਤੋਂ ਬਾਅਦ ਜ਼ਿਆਦਾ ਚਿੰਤਾ ’ਚ ਭਾਜਪਾ
ਦਰਅਸਲ, ਜੋਤੀਰਾਦਿੱਤਿਆ ਸਿੰਧੀਆ ਨੇ ਮੱਧ ਪ੍ਰਦੇਸ਼ ’ਚ ਭਾਜਪਾ ਦੇ 2 ਦਿੱਗਜ ਮੰਤਰੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਭਾਜਪਾ ਮੱਧ ਪ੍ਰਦੇਸ਼ ’ਚ ਆਪਣੇ ਨੇਤਾਵਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਗਵਾਨ ਨੀਲਕੰਠ ਵਾਂਗ ਜ਼ਹਿਰ ਪਿਓ ਪਰ ਸ਼ਿਕਾਇਤ ਨਾ ਕਰੋ। ਕਰਨਾਟਕ ’ਚ ਹਾਰ ਤੋਂ ਬਾਅਦ ਪਾਰਟੀ ਦੀ ਇਸ ਸਲਾਹ ਦੀ ਕਾਫੀ ਚਰਚਾ ਹੋਈ ਹੈ। ਮੱਧ ਪ੍ਰਦੇਸ਼ ’ਚ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਕਾਂਗਰਸ ਸੱਤਾ ’ਚ ਆਈ ਪਰ ਸਿੰਧੀਆ ਅਤੇ ਉਨ੍ਹਾਂ ਦੇ ਵਿਧਾਇਕਾਂ ਨੇ ਕਾਂਗਰਸ ਛੱਡ ਦਿੱਤੀ ਅਤੇ ਭਾਜਪਾ ਨੂੰ ਸਮਰਥਨ ਦਿੱਤਾ। ਇਸ ਤੋਂ ਬਾਅਦ ਹੋਈਆਂ ਉਪ ਚੋਣਾਂ ’ਚ ਸਿੰਧੀਆ ਦੇ ਸਾਰੇ 22 ਸਮਰਥਕ ਵਿਧਾਇਕਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਸਨ, ਜਿਨ੍ਹਾਂ ’ਚੋਂ 15 ਜੇਤੂ ਰਹੇ ਸਨ।

ਇਹ ਵੀ ਪੜ੍ਹੋ : ਕਰਨਾਟਕ ਤੋਂ ਬਾਅਦ ਰਾਜਸਥਾਨ ਨੂੰ ਲੈ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਭਾਜਪਾ

ਨੇਤਾਵਾਂ ਨੂੰ ਹਜ਼ਮ ਨਹੀਂ ਹੋ ਰਿਹਾ ਭਾਜਪਾ ਦਾ ਸਿੰਧੀਆ ਪ੍ਰੇਮ
ਭਾਜਪਾ ’ਚ ਸਿੰਧੀਆ ਪ੍ਰੇਮ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਪਾਰਟੀ ਦੇ ਕਈ ਨੇਤਾ ਸਿੰਧੀਆ ਖ਼ਿਲਾਫ਼ ਬਗਾਵਤ ਕਰਨ ਦੀ ਤਿਆਰੀ ਕਰ ਰਹੇ ਹਨ। ਬੇਸ਼ੱਕ ਪਾਰਟੀ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਇੰਨਾ ਆਸਾਨ ਨਹੀਂ ਹੈ। ਬਗਾਵਤ ਨੂੰ ਠੱਲ੍ਹ ਪਾਉਣ ਲਈ ਪਿੱਛੇ ਜਿਹੇ ਕੇਂਦਰੀ ਆਗੂਆਂ ਦਾ ਵਫ਼ਦ ਮੱਧ ਪ੍ਰਦੇਸ਼ ਦੇ ਦੌਰੇ ’ਤੇ ਗਿਆ ਸੀ ਪਰ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ।

ਸਿੰਧੀਆ ’ਤੇ ਭਾਜਪਾ ਸੰਸਦ ਮੈਂਬਰ ਯਾਦਵ ਦੀ ਤਿੱਖੀ ਟਿੱਪਣੀ
ਦਰਅਸਲ, ਜਿੱਥੇ ਸਿੰਧੀਆ ਖ਼ਿਲਾਫ਼ ਕਾਂਗਰਸ ’ਚ ਵਿਅੰਗ ਚੱਲ ਰਿਹਾ ਹੈ, ਉੱਥੇ ਖੁਦ ਭਾਜਪਾ ਦੇ ਲੋਕ ਵੀ ਕੋਈ ਮੌਕਾ ਨਹੀਂ ਛੱਡ ਰਹੇ ਹਨ। ਹਾਲ ਹੀ ’ਚ ਭਾਜਪਾ ਦੇ ਸੰਸਦ ਮੈਂਬਰ ਕੇ. ਪੀ. ਯਾਦਵ ਨੇ ਤਾਂ ਸਿੰਧੀਆ ਨੰੂ ਲੈ ਕੇ ਇੱਥੋਂ ਤੱਕ ਕਿਹਾ ਦਿੱਤਾ ਕਿ ਕੁਝ ਅਜਿਹੇ ਬੇਵਕੂਫ਼ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕੀ ਬੋਲਣਾ ਹੈ ਅਤੇ ਕੀ ਨਹੀਂ। ਭਾਜਪਾ ਸੰਸਦ ਮੈਂਬਰ ਯਾਦਵ ਦੇ ਇਸ ਬਿਆਨ ਨਾਲ ਸਬੰਧਤ ਵੀਡੀਓ ਦਾ ਕਾਂਗਰਸ ਸ਼ੋਸ਼ਣ ਕਰ ਰਹੀ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ‘ਗੱਦਾਰੀ ਦਾ ਨਤੀਜਾ ਨਾ ਘਰ ਕੇ ਰਹੇ ਨਾ ਘਾਟ ਕੇ।’ ਯਾਦਵ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਭਾਜਪਾ ਦਾ ਹਿੱਸਾ ਹਨ, ਕੇਂਦਰ ਅਤੇ ਸੂਬੇ ’ਚ ਭਾਜਪਾ ਦੀ ਸਰਕਾਰ ਹੈ, ਕੇਂਦਰੀ ਮੰਤਰੀ ਮੰਚ ’ਤੇ ਬੈਠੇ ਹਨ ਅਤੇ ਤੁਸੀਂ ਕਹਿ ਰਹੇ ਹੋ ਕਿ 2019 ’ਚ ਸਾਡੇ ਤੋਂ ਗਲਤੀ ਹੋਈ ਹੈ। ਯਾਦਵ ਨੇ ਅੱਗੇ ਕਿਹਾ ਕਿ ਇੱਥੇ ਉਨ੍ਹਾਂ ਦੀ ਬੁੱਧੀ ਅਤੇ ਵਿਵੇਕ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਗੁਨਾਹ ਸੀਟ ’ਤੇ ਜੋਤੀਰਾਦਿੱਤਿਆ ਸਿੰਧੀਆ ਨੂੰ ਕੇ. ਪੀ. ਯਾਦਵ ਨੇ ਹਰਾਇਆ ਸੀ, ਫਿਰ ਸਿੰਧੀਆ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ। 2020 ’ਚ ਸਿੰਧੀਆ ਭਾਜਪਾ ’ਚ ਸ਼ਾਮਲ ਹੋ ਗਏ ਸਨ।

ਸੂਬਾ ਪ੍ਰਧਾਨ ਨੂੰ ਲੈ ਕੇ ਵੀ ਭਾਜਪਾ ’ਚ ਬਗਾਵਤ
ਇੰਨਾ ਹੀ ਨਹੀਂ ਮੱਧ ਪ੍ਰਦੇਸ਼ ’ਚ ਭਾਜਪਾ ਦੇ ਅੰਦਰ ਹੋਰ ਵੀ ਕਈ ਸਮੱਸਿਆਵਾਂ ਹਨ। ਸਾਬਕਾ ਮੰਤਰੀ ਅਤੇ ਹਲਕਾ ਜੱਬਲਪੁਰ ਤੋਂ ਵਿਧਾਇਕ ਹਰਿੰਦਰਜੀਤ ਸਿੰਘ ਨੇ ਹਾਲ ਹੀ ’ਚ ਕਿਹਾ ਕਿ ਉਨ੍ਹਾਂ ਸੂਬਾ ਪ੍ਰਧਾਨ ਵੀ. ਡੀ. ਸ਼ਰਮਾ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ 2 ਦਿਨ ਪਹਿਲਾਂ ਅਨੂਪਪੁਰ ਦੇ 7 ਸਾਲ ਤੋਂ ਜ਼ਿਲਾ ਸਕੱਤਰ ਰਹੇ ਅਖਿਲੇਸ਼ ਦਿਵੇਦੀ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਸੀ ਕਿ ਪਾਰਟੀ ਅੰਦਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਕਟਨੀ ਤੋਂ ਵਿਧਾਇਕ ਧਰੁਵ ਪ੍ਰਤਾਪ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਵੀ. ਡੀ. ਸ਼ਰਮਾ ਵੱਲ ਉਂਗਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਉਹ ਹਨ ਤਾਂ ਪਾਰਟੀ ਨੂੰ ਦੁਸ਼ਮਣਾਂ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਐੱਮ. ਪੀਜ਼ ਨੂੰ ਕਿਸਾਨਾਂ ਵਲੋਂ ‘ਚਿਤਾਵਨੀ ਪੱਤਰ’ 29 ਨੂੰ ਸੌਂਪਾਂਗੇ : ਉਗਰਾਹਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News