ਨਾਬਾਲਗ ਲੜਕੇ ਨਾਲ ਕੁਕਰਮ ਦੀ ਕੋਸ਼ਿਸ਼; ਮਾਮਲਾ ਦਰਜ

03/15/2018 11:38:38 PM

ਨਵਾਂਸ਼ਹਿਰ, (ਤ੍ਰਿਪਾਠੀ)- 9ਵੀਂ ਜਮਾਤ ਦੇ ਨਾਬਾਲਗ ਲੜਕੇ ਨਾਲ ਕੁਕਰਮ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਨੌਜਵਾਨ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੀੜਤ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਸ ਦੇ 2 ਲੜਕੇ ਹਨ, ਜਿਨ੍ਹਾਂ ਵਿਚੋਂ ਵੱਡਾ ਲੜਕਾ ਮਹੇਸ਼ (ਕਾਲਪਨਿਕ ਨਾਮ) ਦੀ ਉਮਰ 14 ਸਾਲ ਹੈ ਤੇ ਉਹ 9ਵੀਂ ਜਮਾਤ 'ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਦੂਜੇ ਸੂਬੇ 'ਚ ਨੌਕਰੀ ਕਰਦਾ ਹੈ ਤੇ ਉਸ ਦਾ ਸਹੁਰਾ ਵੀ ਉਥੇ ਹੀ ਆਪਣਾ ਬਿਜ਼ਨੈੱਸ ਕਰਦਾ ਹੈ, ਜਦਕਿ ਉਹ ਬੱਚਿਆਂ ਨਾਲ ਘਰ 'ਚ ਇਕੱਲੀ ਰਹਿੰਦੀ ਹੈ। ਪਿਛਲੇ ਦਿਨ ਉਸ ਦਾ ਲੜਕਾ ਗੁਆਂਢੀਆਂ ਦੇ ਘਰ ਖੇਡਣ ਗਿਆ ਹੋਇਆ ਸੀ। ਇਸ ਦੌਰਾਨ ਪਿੰਡ ਦਾ ਹੀ ਨੌਜਵਾਨ ਇੰਦਰਜੀਤ ਸਿੰਘ ਉਥੇ ਆਇਆ ਸੀ। ਉਹ ਉਸ ਦੇ ਲੜਕੇ ਨੂੰ ਇਕ ਕਮਰੇ 'ਚ ਲੈ ਗਿਆ, ਜਿਥੇ ਉਸ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਲੜਕੇ ਵੱਲੋਂ ਵਿਰੋਧ ਕਰਨ 'ਤੇ ਇੰਦਰਜੀਤ ਸਿੰਘ ਉਥੋਂ ਭੱਜ ਗਿਆ। ਉਸ ਦੇ ਲੜਕੇ ਨੇ ਸਾਰੀ ਘਟਨਾ ਦੀ ਜਾਣਕਾਰੀ ਉਸ ਨੂੰ ਆ ਕੇ ਦੱਸੀ। ਫਿਰ ਉਸ ਨੇ ਇਸ ਸਬੰਧੀ ਪੂਰੀ ਜਾਣਕਾਰੀ ਆਪਣੇ ਪਤੀ ਤੇ ਸਹੁਰੇ ਨੂੰ ਦਿੱਤੀ।
ਸਹੁਰੇ ਦੇ ਆਉਣ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਪੀੜਤ ਲੜਕੇ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਭਾਸ਼ ਚੰਦ ਨੇ ਦੱਸਿਆ ਕਿ ਨੌਜਵਾਨ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News