ਚਲਾਨ ਭੁਗਤਾਨ ਦਾ ਲਿੰਕ ਭੇਜ ਕੇ ਠੱਗੀ ਦੀ ਕੋਸ਼ਿਸ਼
Monday, Dec 04, 2023 - 02:37 PM (IST)

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਟ੍ਰੈਫ਼ਿਕ ਚਲਾਨ ਭੁਗਤਨ ਦਾ ਲਿੰਕ ਭੇਜ ਕੇ ਠੱਗਾਂ ਨੇ ਸ਼ਹਿਰ ਦੇ ਇਕ ਵਿਅਕਤੀ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਵਿਅਕਤੀ ਨੇ ਮੋਬਾਇਲ ਫ਼ੋਨ ’ਤੇ ਮਿਲੇ ਲਿੰਕ ਨੂੰ ਚੰਡੀਗੜ੍ਹ ਟ੍ਰੈਫ਼ਿਕ ਪੁਲਸ ਨਾਲ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਅਤੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਪੁਲਸ ਨੇ ਉਸ ਨੂੰ ਦੱਸਿਆ ਕਿ ਇਹ ਫਰਜ਼ੀ ਲਿੰਕ ਹੈ, ਇਸ ਨੂੰ ਨਜ਼ਰ ਅੰਦਾਜ਼ ਕਰ ਦਿਓ।
ਮੰਨਵਰ ਨਾਂ ਦੇ ਵਿਅਕਤੀ ਨੇ ਪੁਲਸ ਨਾਲ ਆਪਣੇ ਮੋਬਾਇਲ ਦਾ ਇਕ ਸਕਰੀਨ ਸ਼ਾਰਟ ਸਾਂਝਾ ਕੀਤਾ। ਇਸ ਵਿਚ ਉਸਨੂੰ ਇਕ ਨੰਬਰ ਤੋਂ ਮੈਸੇਜ ਆਇਆ ਸੀ। ਇਸ ਵਿਚ ਲਿਖਿਆ ਸੀ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਉਸਨੂੰ ਇਕ ਚਲਾਨ ਜਾਰੀ ਹੋਇਆ ਹੈ। ਇਸ ਵਿਚ ਇਕ ਚਲਾਨ ਨੰਬਰ ਵੀ ਦਿੱਤਾ ਗਿਆ ਸੀ। ਅੱਗੇ ਕਿਹਾ ਗਿਆ ਸੀ ਕਿ ਆਪਣੀ ਪਛਾਣ ਯਕੀਨੀ ਬਣਾਉਣ ਅਤੇ ਚਲਾਨ ਦਾ ਸਬੂਤ ਦੇਖਣ ਲਈ ਵਾਹਨ ਟਰਾਂਸਪੋਰਟ ਐਪ ਨੂੰ ਡਾਊਨਲੋਡ ਕਰੋ। ਐਪ ਵਿਚ ਲੋੜੀਂਦੀ ਜਾਣਕਾਰੀ ਮਿਲੇਗੀ ਪਰ ਇਹ ਲਿੰਕ ਫਰਜ਼ੀ ਨਿਕਲਿਆ ਅਤੇ ਉਕਤ ਵਿਅਕਤੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ।