ਡਰੱਗ ਤਸਕਰ ਗੁਰਦੀਪ ਰਾਣੋ ਨਾਲ ਰਣਜੀਤ ਬਾਵਾ ਦੀ ਤਸਵੀਰ ਵਾਇਰਲ ਹੋਣ ਦਾ ਸੱਚ ਆਇਆ ਸਾਹਮਣੇ
Thursday, Nov 19, 2020 - 05:18 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ)– ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹੀਂ ਦਿਨੀਂ ਆਪਣੀ ਵਾਇਰਲ ਹੋ ਰਹੀ ਇਕ ਤਸਵੀਰ ਨੂੰ ਲੈ ਕੇ ਵਿਵਾਦਾਂ ’ਚ ਹਨ। ਰਣਜੀਤ ਬਾਵਾ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਸ ’ਚ ਉਹ ਹੈਰੋਇਨ ਤਸਕਰੀ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਨਾਲ ਨਜ਼ਰ ਆ ਰਹੇ ਹਨ। ਇਸ ਸਬੰਧੀ ਇਕ ਸ਼ਿਕਾਇਤ ਜਲੰਧਰ ਈ. ਡੀ. ਦਫ਼ਤਰ ਵਿਖੇ ਬੀ. ਜੇ. ਪੀ. ਦੇ ਵਾਈਸ ਪ੍ਰਧਾਨ ਅਸ਼ੋਕ ਸਰੀਨ ਵਲੋਂ ਦਿੱਤੀ ਗਈ। ਅਸ਼ੋਕ ਸਰੀਨ ਵਲੋਂ ਕਿਹਾ ਗਿਆ ਸੀ ਕਿ ਰਣਜੀਤ ਬਾਵਾ ਦੇ ਗੁਰਦੀਪ ਸਿੰਘ ਰਾਣੋ ਨਾਲ ਸਬੰਧ ਹੋ ਸਕਦੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਅਸ਼ੋਕ ਸਰੀਨ
ਇਸ ’ਤੇ ਅੱਜ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਵਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਡਿਪਟੀ ਵੋਹਰਾ ਨੇ ਕਿਹਾ ਕਿ ਇਹ ਤਸਵੀਰ ਗੀਤ ‘ਛੋਟੇ ਛੋਟੇ ਘਰ’ ਦੀ ਸ਼ੂਟਿੰਗ ਦੌਰਾਨ ਦੀ ਹੈ। ਅਸਲ ’ਚ ਇਸ ਗੀਤ ਦੀ ਸ਼ੂਟਿੰਗ ਗੁਰਦੀਪ ਸਿੰਘ ਰਾਣੋ ਦੇ ਫਾਰਮ ਹਾਊਸ ’ਤੇ ਹੋਈ ਹੈ ਤੇ ਸ਼ੂਟਿੰਗ ਦੌਰਾਨ ਉਨ੍ਹਾਂ ਵਲੋਂ ਇਹ ਤਸਵੀਰ ਖਿੱਚਵਾਈ ਗਈ। ਸ਼ੂਟਿੰਗ ਲਈ ਇਸ ਫਾਰਮ ਹਾਊਸ ਦੀ ਚੋਣ ਵੀ ਰਣਜੀਤ ਬਾਵਾ ਵਲੋਂ ਨਹੀਂ ਕੀਤੀ ਕਿਉਂਕਿ ਸ਼ੂਟਿੰਗ ਦੀ ਜਗ੍ਹਾ ਲੱਭਣ ਦੀ ਜ਼ਿੰਮੇਵਾਰੀ ਡਾਇਰੈਕਟਰ ਦੀ ਹੁੰਦੀ ਹੈ ਨਾ ਕਿ ਕਲਾਕਾਰ ਦੀ। ਉਸ ਨੇ ਸਿਰਫ ਫੈਨ ਵਜੋਂ ਤਸਵੀਰ ਖਿੱਚਵਾਈ ਹੈ ਤੇ ਨਿੱਜੀ ਤੌਰ ’ਤੇ ਉਨ੍ਹਾਂ ਦੀ ਗੁਰਦੀਪ ਰਾਣੋ ਨਾਲ ਕੋਈ ਸਾਂਝ ਨਹੀਂ ਹੈ।
ਰਣਜੀਤ ਬਾਵਾ ਦੀ ਗੁਰਦੀਪ ਸਿੰਘ ਰਾਣੋ ਨਾਲ ਵਾਇਰਲ ਹੋ ਰਹੀ ਤਸਵੀਰ
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ’ਚ ਉਹ ਪੂਰਾ ਸਾਥ ਦੇਣਗੇ। ਕਲਾਕਾਰ ਦਿਨ ’ਚ ਹਜ਼ਾਰਾਂ ਵਿਅਕਤੀਆਂ ਨੂੰ ਮਿਲ ਕੇ ਤਸਵੀਰਾਂ ਖਿੱਚਵਾਉਂਦਾ ਹੈ ਤੇ ਤਸਵੀਰ ਖਿੱਚਵਾਉਣ ਤੋਂ ਪਹਿਲਾਂ ਹਰੇਕ ਕੋਲੋਂ ਉਸ ਦਾ ਕੰਮ ਨਹੀਂ ਪੁੱਛਿਆ ਜਾਂਦਾ। ਉਨ੍ਹਾਂ ਇਹ ਵੀ ਕਿਹਾ ਕਿ ਸਸਤੀ ਪਬਲੀਸਿਟੀ ਹਾਸਲ ਕਰਨ ਲਈ ਕੁਝ ਲੋਕਾਂ ਵਲੋਂ ਅਜਿਹੇ ਵਿਰੋਧ ਕੀਤੇ ਜਾਂਦੇ ਰਹਿੰਦੇ ਹਨ।
ਡਿਪਟੀ ਵੋਹਰਾ (ਰਣਜੀਤ ਬਾਵਾ ਦਾ ਮੈਨੇਜਰ)