ਪੰਜਾਬ ਦਾ ਇਹ ਮੁੱਖ ਰਾਹ 72 ਘੰਟਿਆਂ ਤੋਂ ਬੰਦ, ਕਿਸੇ ਨੂੰ ਵੀ ਆਉਣ-ਜਾਣ ਦੀ ਨਹੀਂ ਇਜਾਜ਼ਤ, ਜਾਣੋ ਕਾਰਨ

Monday, Jan 02, 2023 - 10:43 AM (IST)

ਪਟਿਆਲਾ (ਜ. ਬ.) : ਪੰਜਾਬ ਦਾ ਮੁੱਖ ਐਂਟਰੀ ਗੇਟ ਮੰਨਿਆ ਜਾਂਦਾ ਸ਼ੰਭੂ ਬਾਰਡਰ ਪਿਛਲੇ 72 ਘੰਟਿਆਂ ਤੋਂ ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੇ ਬੰਦ ਕੀਤਾ ਹੋਇਆ ਹੈ। ਪੰਜਾਬ ’ਚ ਇਸ ਰਸਤੇ ਨਾ ਕੋਈ ਆ ਰਿਹਾ ਹੈ ਅਤੇ ਨਾ ਹੀ ਕੋਈ ਜਾ ਪਾ ਰਿਹਾ ਹੈ ਪਰ ਪਿਛਲੇ 72 ਘੰਟਿਆਂ ਤੋਂ ਸਰਕਾਰ ਨੇ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਇਸ ਮਾਮਲੇ ’ਚ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਮੁਖੀ ਪਰਮਜੀਤ ਸਿੰਘ ਫਾਜ਼ਿਲਕਾ, ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਹੈਪੀ ਸੰਧੂ, ਰੇਸ਼ਮ ਸਿੰਘ ਮੋੜ, ਗੁਰਨਾਮ ਸਿੰਘ ਜੌਹਲ, ਰਾਣਾ ਪੰਜੇਟਾ, ਅਜੇ ਸਿੰਗਲਾ, ਅਮਨ ਚੱਢਾ ਤੇ ਨਿੱਕੂ ਬਰਾੜ ਆਦਿ ਆਗੂਆਂ ਨੇ ਦੱਸਿਆ ਕਿ 72 ਘੰਟਿਆਂ ਤੋਂ ਅਸੀਂ ਸ਼ੰਭੂ ਬਾਰਡਰ ’ਤੇ ਆਵਾਜਾਈ ਠੱਪ ਕੀਤੀ ਹੋਈ ਹੈ ਪਰ ਸਰਕਾਰ ਸਾਡੀ ਸਾਰ ਲੈਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..

ਜਿਹੜਾ ਲੋਕ ਵਿਰੋਧੀ ਫ਼ੈਸਲਾ 2017 ’ਚ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲਿਆ ਸੀ ਅਤੇ ਪੰਜਾਬ ’ਚ ਟਰੱਕ ਯੂਨੀਅਨਾਂ ਭੰਗ ਕੀਤੀਆਂ ਸਨ, ਭਗਵੰਤ ਮਾਨ ਸਰਕਾਰ ਉਹੀ ਫ਼ੈਸਲਾ ਲਾਗੂ ਕਰਨ ਵਾਸਤੇ ਬਜਿੱਦ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ 90 ਹਜ਼ਾਰ ਤੋਂ ਜ਼ਿਆਦਾ ਟਰੱਕ ਕਬਾੜ ’ਚ ਵਿਕ ਗਏ ਸਨ ਤੇ ਆਪਣਾ ਪੈਸਾ ਖ਼ਰਚ ਕੇ ਆਪਣਾ ਰੁਜ਼ਗਾਰ ਚਲਾ ਰਹੇ ਟਰੱਕ ਆਪਰੇਟਰ ਤਬਾਹ ਹੋ ਗਏ ਸਨ ਪਰ ਹੁਣ ਇਹ ਸਮਝ ਤੋਂ ਬਾਹਰ ਹੈ ਕਿ ਭਗਵੰਤ ਮਾਨ ਸਰਕਾਰ ਕਿਉਂ ਉਹੀ ਫ਼ੈਸਲਾ ਲਾਗੂ ਕਰਨ ’ਤੇ ਅੜੀ ਹੈ, ਜੋ ਲੋਕਾਂ ਦੀ ਬਰਬਾਦੀ ਦਾ ਕਾਰਨ ਬਣਿਆ ਸੀ। ਇਸ ਦੌਰਾਨ ਆਪਰੇਟਰਾਂ ਦੇ ਕੁੱਝ ਆਗੂਆਂ ਨੇ ਦੱਸਿਆ ਕਿ ਪਟਿਆਲਾ ਤੋਂ ਐੱਸ. ਪੀ. ਰੈਂਕ ਦਾ ਇਕ ਅਫ਼ਸਰ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਵਾਸਤੇ ਪੁੱਜਾ ਸੀ ਪਰ ਦੋਵਾਂ ਧਿਰਾਂ ਦੀ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਇਸ ਸਾਲ ਮੁਫ਼ਤ ਅਨਾਜ ਯੋਜਨਾ ’ਤੇ ਖ਼ਰਚੇਗੀ 2 ਲੱਖ ਕਰੋੜ ਰੁਪਏ : ਅਸ਼ਵਨੀ ਸ਼ਰਮਾ
ਪਹਿਲੀ ਵਾਰ ਸ਼ੰਭੂ ਬਾਰਡਰ ਬੰਦ
ਪੰਜਾਬ ’ਚ ਦਾਖ਼ਲ ਹੋਣ ਵਾਸਤੇ ਸ਼ੰਭੂ ਬਾਰਡਰ ਨੂੰ ਮੁੱਖ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ, ਜਦੋਂ ਪੰਜਾਬ ਦਾ ਮੁੱਖ ਪ੍ਰਵੇਸ਼ ਦੁਆਰ ਬੰਦ ਹਨ। ਬੇਸ਼ੱਕ ਟ੍ਰੈਫਿਕ ਬਦਲਵੇਂ ਰੂਟਾਂ ’ਤੇ ਕੀੜੀ ਦੀ ਰਫ਼ਤਾਰ ਚੱਲ ਰਿਹਾ ਹੈ ਪਰ ਪੰਜਾਬ ਦਾ ਮੁੱਖ ਪ੍ਰਵੇਸ਼ ਦੁਆਰ ਪਹਿਲੀ ਵਾਰ ਇਸ ਤਰੀਕੇ 72 ਘੰਟੇ ਤੋਂ ਬੰਦ ਹੈ, ਜਿਸ ਪ੍ਰਤੀ ਪੰਜਾਬ ਸਰਕਾਰ ਕੋਈ ਹੁੰਗਾਰਾ ਨਹੀਂ ਭਰ ਰਹੀ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ.
ਇਸ ਮਾਮਲੇ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਸੀਂ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਹਨ। ਬਦਲਵੇਂ ਰਾਹਾਂ ਵਾਸਤੇ ਬਕਾਇਦਾ ਰਿਫਲੈਕਟਰ ਆਦਿ ਵੀ ਲਗਾਏ ਹਨ। ਸਾਡਾ ਅੰਬਾਲਾ ਪ੍ਰਸ਼ਾਸਨ ਨਾਲ ਵੀ ਰਾਬਤਾ ਕਾਇਮ ਹੈ ਤਾਂ ਜੋ ਮੁਸਾਫ਼ਰਾਂ ਨੂੰ ਕਿਸੇ ਵੀ ਤਰੀਕੇ ਦੀ ਮੁਸ਼ਕਲ ਨਾ ਹੋਵੇ। ਇਸ ਮਾਮਲੇ ’ਚ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸਾਡੀ ਰੋਸ ਵਿਖਾਵਾ ਕਰਨ ਵਾਲਿਆਂ ਨਾਲ ਗੱਲਬਾਤ ਚਲ ਰਹੀ ਹੈ। ਆਸ ਹੈ ਕਿ ਜਲਦੀ ਹੀ ਕੋਈ ਨਾ ਕੋਈ ਹੱਲ ਨਿਕਲ ਆਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News