ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਮੌਕਾ ਨਹੀਂ ਮਿਲਿਆ, ਇਨਸਾਫ ਤਾਂ ਮਿਲੇ

Monday, Oct 02, 2017 - 12:40 PM (IST)

ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਮੌਕਾ ਨਹੀਂ ਮਿਲਿਆ, ਇਨਸਾਫ ਤਾਂ ਮਿਲੇ

ਸਮਾਲਸਰ (ਸੁਰਿੰਦਰ) - ਕਰੀਬ ਇਕ ਸਾਲ ਪਹਿਲਾਂ ਪਿੰਡ ਰੋਡੇ ਨਿਵਾਸੀ ਮਨਜਿੰਦਰ ਸਿੰਘ ਟਰੱਕ ਕਲੀਨਰ ਦੀ ਭੂਟਾਨ ਵਿਚ ਹੋਈ ਮੌਤ ਇਕ ਹਾਦਸਾ ਨਾ ਹੋ ਕੇ ਗੰਭੀਰ ਵਾਰਦਾਤ ਸੀ, ਜਿਸ ਨੂੰ ਟਰੱਕ ਮਾਲਕ ਬਗੀਚਾ ਸਿੰਘ ਵਾਸੀ ਖਾਨਛਾਬੜੀ ਜ਼ਿਲਾ ਤਰਨਤਾਰਨ ਨੇ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰ ਕੇ ਇਸ ਨੂੰ ਹਾਦਸਾ ਕਰਾਰ ਦੇ ਦਿੱਤਾ ਅਤੇ ਮੈਨੂੰ ਮੇਰੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣ ਦਾ ਮੌਕਾ ਵੀ ਨਹੀਂ ਮਿਲਿਆ। 
ਇਹ ਦੋਸ਼ ਜਸਪਾਲ ਕੌਰ ਵਿਧਵਾ ਜਰਨੈਲ ਸਿੰਘ ਵਾਸੀ ਰੋਡੇ ਨੇ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਰੂਪ 'ਚ ਦਿੱਤੀ ਆਪਣੀ ਸ਼ਿਕਾਇਤ ਵਿਚ ਲਾ ਕੇ ਇਨਸਾਫ ਦੀ ਮੰਗ ਕੀਤੀ ਹੈ। ਵਿਧਵਾ ਮਾਂ ਦਾ ਕਹਿਣਾ ਹੈ ਕਿ ਹੁਣ ਟਰੱਕ ਮਾਲਕ ਧਮਕੀਆਂ ਦਿੰਦਾ ਹੈ, ਜੇਕਰ ਕਾਰਵਾਈ ਕੀਤੀ ਤਾਂ ਅੰਜਾਮ ਮਾੜਾ ਹੋਵੇਗਾ। ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁੱਤ ਦੀ ਮੌਤ ਨੂੰ ਹਾਦਸਾ ਦਿਖਾ ਕੇ ਡਰਾਉਣ ਵਾਲੇ ਰਸੂਖਦਾਰ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਭੁੱਖ ਹੜਤਾਲ ਕਰੇਗੀ। 

ਟਰੱਕ ਮਾਲਕ ਨੇ ਆਪਣੇ 'ਤੇ ਲੱਗੇ ਦੋਸ਼ਾਂ ਦੀ ਦਿੱਤੀ ਸਫਾਈ
ਟਰੱਕ ਮਾਲਕ ਬਗੀਚਾ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਦੇ ਜਵਾਬ ਵਿਚ ਕਿਹਾ ਕਿ ਉਸ ਦੇ ਟਰੱਕ ਦਾ ਡਰਾਈਵਰ ਜਗਤਾਰ ਸਿੰਘ ਵੀ ਪਿੰਡ ਰੋਡੇ ਦਾ ਹੀ ਰਹਿਣ ਵਾਲਾ ਸੀ, ਜੋ ਬਚ ਗਿਆ ਸੀ, ਇਹ ਕਿਵੇਂ ਹੋਇਆ, ਮੈਨੂੰ ਨਹੀਂ ਪਤਾ ਅਤੇ ਅਜੇ ਤੱਕ ਮੈਨੂੰ ਮੇਰੇ ਟਰੱਕ ਦਾ ਕਲੇਮ ਵੀ ਨਹੀਂ ਮਿਲਿਆ। ਉਸ ਨੇ ਇਹ ਵੀ ਕਿਹਾ ਕਿ ਡਰਾਈਵਰ ਕੋਲ ਲਾਇਸੈਂਸ ਨਹੀਂ ਸੀ, ਜਿਸ ਕਾਰਨ ਮੇਰਾ ਕਲੇਮ ਮਰ ਗਿਆ ਪਰ ਬਿਨਾਂ ਲਾਇਸੈਂਸ ਦਾ ਡਰਾਈਵਰ ਭਰਤੀ ਕਰਨ ਬਾਰੇ ਜਵਾਬ ਦੇਣ ਸਮੇਂ ਟਰੱਕ ਮਾਲਕ ਦੀ ਜ਼ੁਬਾਨ ਨੇ ਉਸ ਦਾ ਸਾਥ ਨਹੀਂ ਦਿੱਤਾ ਤੇ ਉਹ ਗੱਲ ਗੋਲਮੋਲ ਕਰਨ ਲੱਗ ਪਿਆ।


Related News