ਸ਼ਨੀ 18 ਅਪ੍ਰੈਲ ਨੂੰ ਵੱਕਰੀ ਹੁੰਦੇ ਹੀ ਚੰਦਾ ਕੋਛੜ ਦੀਆਂ ਮੁਸ਼ਕਿਲਾਂ ਹੋਰ ਵਧਾਏਗਾ!

Thursday, Apr 12, 2018 - 07:34 AM (IST)

ਸ਼ਨੀ 18 ਅਪ੍ਰੈਲ ਨੂੰ ਵੱਕਰੀ ਹੁੰਦੇ ਹੀ ਚੰਦਾ ਕੋਛੜ ਦੀਆਂ ਮੁਸ਼ਕਿਲਾਂ ਹੋਰ ਵਧਾਏਗਾ!

ਜਲੰਧਰ  (ਧਵਨ) - ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੈਨੇਜਿੰਗ ਡਾਇਰੈਕਟਰ ਚੰਦਾ ਕੋਛੜ ਅੱਜ-ਕਲ ਵਿਵਾਦਾਂ ਦੇ ਘੇਰੇ 'ਚ ਆਈ ਹੋਈ ਹੈ ਪਰ ਇਸ ਲਈ ਉਨ੍ਹਾਂ ਦੇ ਮੌਜੂਦਾ ਗ੍ਰਹਿ ਯੋਗਾਂ ਨੇ ਅਹਿਮ ਭੂਮਿਕਾ ਨਿਭਾਈ ਹੋਈ ਹੈ। ਵੀਡੀਓਕਾਨ ਇੰਡਸਟਰੀ ਨੂੰ ਕਰਜ਼ਾ ਦਿਵਾਉਣ ਦੇ ਮਾਮਲੇ 'ਚ ਚੰਦਾ ਕੋਛੜ ਦੀ ਭੂਮਿਕਾ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਜੋਤਿਸ਼ੀ ਸੰਜੇ ਚੌਧਰੀ ਮੁਤਾਬਕ ਚੰਦਾ ਕੋਛੜ ਦਾ ਜਨਮ 17 ਨਵੰਬਰ 1961 ਨੂੰ ਜੋਧਪੁਰ 'ਚ ਹੋਇਆ ਸੀ। ਸੂਰਜ ਕੁੰਡਲੀ ਤੇ ਨਾੜੀ ਜੋਤਿਸ਼ੀ ਅਨੁਸਾਰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਕੁੰਡਲੀ 'ਚ ਬ੍ਰਹਿਸਪਤੀ ਨੀਚ ਰਾਸ਼ੀ 'ਚ ਬੈਠਾ ਹੋਇਆ ਹੈ ਤੇ ਉਹ ਕੇਤੂ ਤੇ ਸ਼ਨੀ ਤੋਂ ਪੀੜਤ ਹੈ।
ਉਨ੍ਹਾਂ ਕਿਹਾ ਕਿ ਕਰੂਰ ਗ੍ਰਹਿਆਂ ਦੇ ਘੇਰੇ 'ਚ ਬ੍ਰਹਿਸਪਤੀ ਦੇ ਆਉਣ ਨਾਲ ਸਰਕਾਰੀ ਸਰਗਰਮੀਆਂ ਨਾਲ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਚੰਦਰ ਕੁੰਡਲੀ 'ਚ ਦੂਜੇ ਘਰ ਦਾ ਸਵਾਮੀ ਬ੍ਰਹਿਸਪਤੀ 12ਵੇਂ ਘਰ 'ਚ ਕੇਤੂ ਨਾਲ ਬੈਠਾ ਹੈ, ਜੋ ਕਿ ਬੰਧਨ ਯੋਗ ਦਾ ਨਿਰਮਾਣ ਕਰ ਰਿਹਾ ਹੈ। ਨਾੜੀ ਜੋਤਿਸ਼ 'ਚ ਇਸ ਯੋਗ ਨੂੰ ਜ਼ਿਆਦਾ ਚੰਗਾ ਨਹੀਂ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਸ਼ਨੀ ਗੋਚਰ 'ਚ ਸੂਰਜ ਤੋਂ ਦੂਜੇ ਘਰ 'ਚ ਚਲ ਰਿਹਾ ਹੈ ਤੇ ਸ਼ਨੀ 18 ਅਪ੍ਰੈਲ 2018 ਨੂੰ ਵੱਕਰੀ ਅਵਸਥਾ 'ਚ ਆ ਜਾਵੇਗਾ ਤੇ 6 ਸਤੰਬਰ 2018 ਤਕ ਇਸੇ ਸਥਿਤੀ 'ਚ ਰਹਿਣਗੇ।
ਉਨ੍ਹਾਂ ਦੱਸਿਆ ਕਿ ਸ਼ਨੀ ਦੇ ਵੱਕਰੀ ਹੁੰਦੇ ਹੀ ਚੰਦਾ ਕੋਛੜ ਦਾ ਜਨਮ ਦਾ ਸੂਰਜ ਪੀੜਤ ਅਵਸਥਾ 'ਚ ਆ ਜਾਵੇਗਾ, ਜਿਸ ਕਾਰਨ ਜਾਂ ਤਾਂ ਸਬੰਧਿਤ ਜਾਤਕ ਨੂੰ ਅਦਾਲਤੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਉਸ ਦੇ ਕੈਰੀਅਰ 'ਚ ਮੁਸ਼ਕਲਾਂ ਭਰਿਆ ਦੌਰ ਆ ਜਾਂਦਾ ਹੈ, ਜਦ ਤਕ ਸ਼ਨੀ ਵੱਕਰੀ ਰਹਿਣਗੇ ਉਦੋਂ ਤਕ ਚੰਦਾ ਕੋਛੜ ਦੇ ਸਾਹਮਣੇ ਮੁਸ਼ਕਲਾਂ ਦਾ ਦੌਰ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਚੰਦਾ ਕੋਛੜ ਨੂੰ ਇਕ ਵੱਡੇ ਉਦਯੋਗਿਕ ਸਮੂਹ ਨੂੰ ਕਰਜ਼ਾ ਦੇਣ ਦੇ ਮਾਮਲੇ 'ਚ ਸੀ. ਬੀ. ਆਈ. ਨੇ ਤਲਬ ਕੀਤਾ ਹੋਇਆ ਹੈ।


Related News