ਤ੍ਰਿਪਤ ਬਾਜਵਾ ਨਾਲ ਮੀਟਿੰਗ ਤੋਂ ਬਾਅਦ ਮਗਨਰੇਗਾ ਕਾਮਿਆਂ ਨੇ ਹੜਤਾਲ ਕੀਤੀ ਖਤਮ

10/2/2019 12:28:07 AM

ਚੰਡੀਗੜ੍ਹ,(ਭੁੱਲਰ): ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੰਗਲਵਾਰ ਇਥੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸਟਾਫ਼ ਨਾਲ ਮੀਟਿੰਗ ਕੀਤੀ, ਜਿਸ ਉਪਰੰਤ ਯੂਨੀਅਨ ਵਲੋਂ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਹੋਈ ਮੀਟਿੰਗ 'ਚ ਮਗਨਰੇਗਾ ਯੂਨੀਅਨ ਦੇ ਨੁਮਾਇੰਦਿਆਂ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਆਪਣੀਆਂ ਮੰਗਾਂ ਰੱਖੀਆਂ। ਜਿਨ੍ਹਾਂ ਨੂੰ ਮੰਤਰੀ ਅਤੇ ਅਧਿਕਾਰੀਆਂ ਨੇ ਬੜੇ ਗੌਰ ਨਾਲ ਸੁਣਿਆ ਅਤੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਮੰਗਾਂ ਨੂੰ ਸਰਕਾਰ ਦੇ ਪੱਧਰ 'ਤੇ ਵੀ ਵਿਚਾਰਿਆ ਜਾਵੇਗਾ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਹੜਤਾਲ ਦੌਰਾਨ ਮਗਨਰੇਗਾ ਮੁਲਾਜ਼ਮਾਂ ਵਿਰੁੱਧ ਜਾਰੀ ਕੀਤੇ ਗਏ ਪੱਤਰ ਵੀ ਵਾਪਸ ਲਏ ਜਾਣਗੇ। ਇਸ ਉਪਰੰਤ ਯੂਨੀਅਨ ਵਲੋਂ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲ ਨਾਲੋਂ ਵੀ ਵੱਧ ਕੰਮ ਕਰ ਕੇ ਰਾਜ ਦੇ ਵਿਕਾਸ 'ਚ ਯੋਗਦਾਨ ਪਾਇਆ ਜਾਵੇਗਾ। ਮੀਟਿੰਗ 'ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਚੱਠਾ ਅਤੇ ਮਗਨਰੇਗਾ ਯੂਨੀਅਨ ਵਲੋਂ ਵਰਿੰਦਰ ਸਿੰਘ (ਪ੍ਰਧਾਨ), ਅੰਮ੍ਰਿਤਪਾਲ ਸਿੰਘ (ਜਨਰਲ ਸਕੱਤਰ), ਅਮਰੀਕ ਸਿੰਘ (ਪ੍ਰੈੱਸ ਸਕੱਤਰ), ਰਣਧੀਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਹਰਪਿੰਦਰ ਸਿੰਘ (ਮੀਤ ਪ੍ਰਧਾਨ), ਜਗਤਾਰ ਸਿੰਘ (ਸਲਾਹਕਾਰ), ਰਮਨ ਕੁਮਾਰ, ਸੁਖਦੇਵ ਸਿੰਘ ਅਤੇ ਵਰਿੰਦਰਪਾਲ ਸਿੰਘ ਮੌਜੂਦ ਸਨ।