60 ਲੱਖ ਪਸ਼ੂਆਂ ਨੂੰ ਲਾਏ ਜਾ ਰਹੇ ''ਗਲਘੋਟੂ'' ਬੀਮਾਰੀ ਤੋਂ ਬਚਾਅ ਦੇ ਟੀਕੇ : ਬਾਜਵਾ

05/12/2021 3:04:45 PM

ਮੋਹਾਲੀ (ਨਿਆਮੀਆਂ) : ਪਸ਼ੂ-ਪਾਲਣ ਵਿਭਾਗ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਯੋਗ ਅਗਵਾਈ ਹੇਠ ਪੰਜਾਬ ਪਸ਼ੂ ਧਨ ਨੂੰ ਗਲਘੋਟੂ ਬੀਮਾਰੀ ਤੋਂ ਬਚਾਉਣ ਲ‌ਈ ਬਰਸਾਤ ਤੋਂ ਪਹਿਲਾਂ 60 ਲੱਖ ਪਸ਼ੂਆਂ ਨੂੰ ਟੀਕੇ ਲਗਾਏ ਜਾ ਰਹੇ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਆਈ. ਏ. ਐਸ. ਅਤੇ ਵਿਭਾਗ ਦੇ ਡਾਇਰੈਕਟਰ ਡਾ. ਸੰਜੀਵ ਖੋਸਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਟੀਕਾਕਰਨ ਲ‌ਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ-ਘਰ ਜਾ ਕੇ ਇਹ ਟੀਕਾਕਰਨ ਕਰ ਰਹੀਆਂ ਹਨ।

ਉਨ੍ਹਾਂ ਪਸ਼ੂ ਪਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਪਸ਼ੂ ਨੂੰ ਇਹ ਟੀਕਾ ਲਵਾਉਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਦੇ ਪਸ਼ੂਆਂ ਨੂੰ ਗਲਘੋਟੂ ਬੀਮਾਰੀ ਤੋਂ ਨਿਜਾਤ ਮਿਲ ਸਕੇ। ਮੰਤਰੀ ਬਾਜਵਾ, ਵਿਜੈ ਕੁਮਾਰ ਜੰਜੂਆ ਤੇ ਡਾਕਟਰ ਖੋਸਲਾ ਨੇ ਕਿਹਾ ਹੈ ਕਿ ਉਹ 60 ਲੱਖ ਪਸ਼ੂਆਂ ਨੂੰ ਟੀਕਾ ਲਗਾਉਣ ਦਾ ਇਹ ਟੀਚਾ ਬਰਸਾਤ ਤੋਂ ਪਹਿਲਾਂ ਪੂਰਾ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਟੀਕੇ ਦੀ ਕੀਮਤ ਪੰਜ ਰੁਪ‌ਏ ਪ੍ਰਤੀ ਜਾਨਵਰ ਤੈਅ ਕੀਤੀ ਗ‌ਈ ਹੈ।

ਦੂਸਰੇ ਪਾਸੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਮੰਤਰੀ ਬਾਜਵਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਪੀਕ ਦੌਰ ਵਿਚ ਉਹ ਘਰ-ਘਰ ਜਾ ਕਿ ਇਹ ਟੀਕਾਕਰਨ ਕਰ ਰਹੇ ਹਨ। ਇਸ ਲਈ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖਦੇ ਹੋਏ ਸਰਕਾਰ ਉਨ੍ਹਾਂ ਨੂੰ ਕੋਰੋਨਾ ਯੋਧੇ ਐਲਾਨੇ ਤਾਂ ਜੋ ਕਿਸੇ ਵੀ ਸਾਥੀ ਦਾ ਨੁਕਸਾਨ ਹੋਣ ਦੀ ਸੂਰਤ 'ਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਕੋਰੋਨਾ ਫਰੰਟੀਅਰ ਵਾਲੀਆਂ ਸਹੂਲਤਾ ਮਿਲ ਸਕਣ।
 


Babita

Content Editor

Related News