ਕੈਬਨਿਟ ਮੰਤਰੀ ਬਾਜਵਾ ਨੇ ਵੈਟਨਰੀ ਇੰਸਪੈਕਟਰਾਂ ਦਾ ਜਿੱਤਿਆ ਦਿਲ, ਦਿਵਾਈਆਂ ਸੈਕਸ਼ਨ ਪੋਸਟਾਂ ਤੇ ਗਰੇਡ ਪੇਅ

Thursday, Dec 10, 2020 - 10:53 AM (IST)

ਕੈਬਨਿਟ ਮੰਤਰੀ ਬਾਜਵਾ ਨੇ ਵੈਟਨਰੀ ਇੰਸਪੈਕਟਰਾਂ ਦਾ ਜਿੱਤਿਆ ਦਿਲ, ਦਿਵਾਈਆਂ ਸੈਕਸ਼ਨ ਪੋਸਟਾਂ ਤੇ ਗਰੇਡ ਪੇਅ

ਚੰਡੀਗੜ੍ਹ (ਰਮਨਜੀਤ) : ਪਸ਼ੂ ਪਾਲਣ ਮਹਿਕਮੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੇ ਮਹਿਕਮੇ ਦੇ ਵੈਟਨਰੀ ਇੰਸਪੈਕਟਰਾਂ ਨਾਲ ਕੀਤਾ ਵਾਅਦਾ ਨਿਭਾ ਕੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਕੈਬਨਿਟ ਮੰਤਰੀ ਨੇ ਸਾਲ 2011 ਤੋਂ ਕੁੱਲ ਸੈਕਸ਼ਨ ਆਸਾਮੀਆਂ ਦੀਆਂ ਪਹਿਲੇ 50 ਫ਼ੀਸਦੀ ਆਸਾਮੀਆਂ ਨੂੰ ਮਿਲਦੇ 4200 ਗਰੇਡ ਪੇਅ ਦੀ ਵੱਡੀ ਤਰੁੱਟੀ ਦੂਰ ਕਰਵਾ ਕੇ ਵੈਟਨਰੀ ਇੰਸਪੈਕਟਰਾਂ ਦਾ ਦਿਲ ਜਿੱਤ ਲਿਆ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਬਾਜਵਾ ਸਾਹਿਬ ਵੱਲੋਂ ਪਸ਼ੂ ਪਾਲਣ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਵਿੱਤੀ ਰਾਹਤ ਦਿੰਦਿਆਂ ਪਸ਼ੂ ਸੰਸਥਾਵਾਂ ਲਈ ਪਰਚੀ ਫ਼ੀਸ ਨੂੰ ਘਟਾਉਣ, ਗਲਘੋਟੂ ਵੈਕਸੀਨੇਸ਼ਨ ਦੀਆਂ ਕੀਮਤਾਂ ਘੱਟ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲਏ ਗਏ, ਜਿਸ ਸਦਕਾ ਪਸ਼ੂ ਪਾਲਕਾਂ 'ਤੇ ਵੱਡਾ ਬੋਝ ਘਟਿਆ।

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨੇ ਪਸ਼ੂ ਪਾਲਣ ਮਹਿਕਮੇ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਵੈਟਨਰੀ ਇੰਸਪੈਕਟਰ ਕੇਡਰ ਦੀ ਕੁੱਲ ਆਸਾਮੀਆਂ ਦੀਆਂ ਮਨਜ਼ੂਰਸ਼ਾਦਾ ਆਸਾਮੀਆਂ ਦੇ ਪਹਿਲੇ 50 ਫ਼ੀਸਦੀ ਨੂੰ ਉਚੇਰਾ ਪੇਅ ਸਕੇਲ ਦੇਣ ਦੀ ਵਿੱਤੀ ਤਰੁੱਟੀ ਨੂੰ ਨਿੱਜੀ ਦਿਲਚਸਪੀ ਲੈ ਕੇ ਦੂਰ ਕਰਵਾਇਆ। ਇਹ ਤਰੁੱਟੀ ਦੂਰ ਹੋਣ ਨਾਲ ਪੰਜਾਬ ਦੇ ਵੈਟਨਰੀ ਇੰਸਪੈਕਟਰ ਵੱਡੀ ਰਾਹਤ ਮਹਿਸੂਸ ਕਰਦੇ ਹਨ।

ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਪਸ਼ੂ ਪਾਲਕਾਂ ਦੇ ਹਿੱਤਾਂ ਲਈ ਬਾਜਵਾ ਸਾਹਿਬ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ 'ਤੇ ਫੁੱਲ ਚੜ੍ਹਾਉਣਗੇ ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ, ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ ਅਤੇ ਮੁੱਖ ਸਲਾਹਕਾਰ ਗੁਰਦੀਪ ਬਾਸੀ ਵੀ ਹਾਜ਼ਰ ਸਨ।


author

Babita

Content Editor

Related News