ਪੰਜਾਬ ਦੇ ਸਾਰੇ  ''ਛੱਪੜਾਂ'' ਦੀ ਸਫਾਈ 15 ਦਿਨਾਂ ''ਚ ਕਰਨ ਦੇ ਨਿਰਦੇਸ਼

06/04/2019 11:12:08 AM

ਚੰਡੀਗੜ੍ਹ : ਪੰਜਾਬ ਦੇ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਅਗਲੇ 15 ਦਿਨਾਂ ਦੇ ਅੰਦਰ ਅੰਦਰ ਸੂਬੇ ਦੇ ਸਾਰੇ ਪਿੰਡਾ ਦੇ ਛੱਪੜਾਂ ਦੀ ਸਫਾਈ ਦਾ ਕਾਰਜ ਨੇਪਰੇ ਚੜ੍ਹਾਉਣ ਲਈ ਜੰਗੀ ਪੱਧਰ 'ਤੇ ਮੁਹਿੰਮ ਵਿੱਢੀ ਜਾਵੇ। ਬਾਜਵਾ ਨੇ ਬੀਤੇ ਦਿਨ ਵੀਡਿਓ ਕਾਨਫਰੰਸ ਰਾਹੀਂ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਪੜਾਂ ਦੀ ਸਫਾਈ ਦੀ ਇਹ ਮੁਹਿੰਮ 'ਪੰਜਾਬ ਤੰਦਰੁਸਤ ਮਿਸ਼ਨ' ਤਹਿਤ ਸਿਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ ਹਨ।

ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾ ਦੇ ਛੱਪੜ, ਜਿੱਥੇ ਪਾਣੀ ਦੀਆਂ ਕਈ ਲੋੜਾਂ ਪੂਰੀਆਂ ਕਰਦੇ ਹਨ, ਉੱਥੇ ਇਹ ਛੱਪੜ ਮੀਂਹ ਦਾ ਪਾਣੀ ਇਕੱਠਾ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਪਿੰਡ ਦੇ ਛੱਪੜ ਨੂੰ ਪਹਿਲਾਂ ਖਾਲੀ ਕੀਤਾ ਜਾਵੇਗਾ ਅਤੇ ਫਿਰ ਉਸ 'ਚੋਂ ਗਾਰ ਕੱਢ ਕੇ ਸਫਾਈ ਕੀਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸਿਰਫ ਤੇ ਸਿਰਫ 20 ਦਿਨ ਹੀ ਬਚੇ ਹਨ ਕਿਉਂਕਿ ਇਸ ਤੋਂ ਬਾਅਦ ਜ਼ਮੀਨਾਂ ਵਿਹਲੀਆਂ ਨਹੀਂ ਰਹਿਣੀਆਂ ਅਤੇ ਬਾਰਸ਼ਾਂ ਸ਼ੁਰੂ ਹੋ ਜਾਣ ਨਾਲ ਛੱਪੜਾ ਦੀ ਪਟਾਈ ਵੀ ਨਹੀਂ ਹੋ ਸਕੇਗੀ।

ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ 15 ਦਿਨਾਂ 'ਚ ਉਹ ਛੱਪੜਾਂ ਦੀ ਸਫਾਈ ਦੇ ਕਾਰਜ ਨੂੰ ਪਹਿਲ ਦੇ ਅਧਾਰ ਉੱਤੇ ਨੇਪਰੇ ਚਾੜ੍ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਹਰ ਰੋਜ਼ ਸ਼ਾਮ ਨੂੰ ਇਸ ਮੁਹਿੰਮ ਦੀ ਪ੍ਰਗਤੀ ਦੀ ਰਿਪੋਰਟ ਖੁਦ ਵੇਖਿਆ ਕਰਨਗੇ। ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਹਰ ਤੀਜੇ ਦਿਨ ਇਸ ਮੁਹਿੰਮ ਤਹਿਤ ਹੋ ਰਹੀ ਪ੍ਰਾਪਤੀ ਦੀ ਖੁਦ ਨਜ਼ਰਸਾਨੀ ਕਰਿਆ ਕਰਨਗੇ।


Babita

Content Editor

Related News