ਨਵਜੋਤ ਸਿੱਧੂ ਲਈ ਪਰਖ ਦੀ ਘੜੀ, ਵਜ਼ੀਰੀ ਜਾਂ ਪੰਜਾਬ
Thursday, Oct 29, 2020 - 12:55 AM (IST)
ਲੁਧਿਆਣਾ, (ਮੁੱਲਾਂਪੁਰੀ)– ਪੰਜਾਬ ’ਚ ਤੇਜ਼ ਤਰਾਰ ਅਤੇ ਸਿਆਸੀ ਹਲਕਿਆਂ ’ਚ ਭਵਿੱਖ ਦੇ ਵੱਡੇ ਨੇਤਾ ਵਜੋਂ ਦੇਖੇ ਜਾਂਦੇ ਨਵਜੋਤ ਸਿੰਘ ਸਿੱਧੂ ਬਾਰੇ ਜੋ ਅੱਜ ਕੱਲ ਮੀਡੀਆ ’ਚ ਖ਼ਬਰਾਂ ਆ ਰਹੀਆਂ ਹਨ ਕਿ ਉਹ ਜਲਦੀ ਹੀ ਪੰਜਾਬ ਸਰਕਾਰ ’ਚ ਉਸੇ ਪਦ ਭਾਵ ਕੈਬਨਿਟ ਦੀ ਵਜ਼ੀਰੀ ਲੈਣ ਜਾ ਰਹੇ ਹਨ। ਭਾਵੇਂ ਇਸ ਬਾਰੇ ਅਜੇ ਤੱਕ ਕਾਂਗਰਸ ਹਾਈਕਮਾਂਡ ਅਤੇ ਸਿੱਧੂ ਨੇ ਕੋਈ ਇਸ਼ਾਰਾ ਨਹੀਂ ਕੀਤਾ ਪਰ ਵਿਚਾਲੇ ਪੈ ਕੇ ਸਮਝੌਤਾ ਕਰਵਾਉਣ ਵਾਲੇ ਸੱਜਣ ਸਿੱਧੂ ਵਜ਼ੀਰੀ ਦਿਵਾਉਣ ਅਤੇ ਕਾਂਗਰਸ ਵਿਚ ਮੁੜ ਸਰਗਰਮ ਹੋਣ ਲਈ ਪੂਰੀ ਵਾਹ ਲਾ ਰਹੇ ਦੱਸੇ ਜਾ ਰਹੇ ਹਨ।
ਸਿੱਧੂ ਬਾਰੇ ਸਿਆਸੀ ਹਲਕਿਆਂ ’ਚ ਪਿਛਲੇ ਇਕ ਸਾਲ ਤੋਂ ਇਹ ਚਰਚਾ ਸਿਖਰਾਂ ’ਤੇ ਪੁੱਜੀ ਹੋਈ ਹੈ ਕਿ ਸਿੱਧੂ ਦੇ ਦੋਵੇਂ ਹੱਥਾਂ ’ਚ ਲੱਡੂ ਹਨ ਅਤੇ ਪੰਜਾਬ ਦੇ ਲੋਕ ਉਸ ਨੂੰ ਭਵਿੱਖ ਦੇ ਵੱਡੇ ਨੇਤਾ ਵਜੋਂ ਦੇਖ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਤੋਂ ਇਲਾਵਾ ਕਾਂਗਰਸ ਵਿਚ ਬੈਠੇ ਦਰਜਨਾਂ ਵਿਧਾਇਕ ਅਤੇ ਵਜ਼ੀਰ ਵੀ ਉਸ ਨੂੰ ਭਵਿੱਖ ਦਾ ਵੱਡਾ ਨੇਤਾ ਮੰਨ ਕੇ ਚੱਲ ਰਹੇ ਹਨ। ਹੁਣ ਸਿੱਧੂ ਲਈ ਇਹ ਪਰਖ ਦੀ ਘੜੀ ਨਜ਼ਰ ਆ ਰਹੀ ਹੈ ਕਿ ਉਹ ਪੰਜਾਬ ਸਰਕਾਰ ਦੀ ਵਜ਼ੀਰੀ ਹਾਸਲ ਕਰਦੇ ਹਨ ਜਾਂ ਜੋ ਉਨ੍ਹਾਂ ਨੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੁੱਪ ਧਾਰ ਕੇ ਆਪਣੀ ਵੱਖਰੀ ਥਾਂ ਬਣਾਈ ਹੈ, ਉਸ ’ਤੇ ਕਾਇਮ ਰਹਿ ਕੇ ਪੰਜਾਬ ਦੇ ਭਵਿੱਖ ਦੇ ਆਗੂ ਬਣਦੇ ਹਨ ਕਿਉਂਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਸਿੱਧੂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਛੱਡੇ ਹੋਏ ਹਨ।