''ਰੁੱਖ ਮਾਤਾ'' ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹ 105 ਸਾਲਾ ਬੇਬੇ
Wednesday, Jun 05, 2019 - 07:03 PM (IST)

ਜਲੰਧਰ (ਵੈੱਬ ਡੈਸਕ) : ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਪ੍ਰਦੂਸ਼ਣ ਨੇ ਜਿੱਥੇ ਮਨੁੱਖ ਦੀ ਹੋਂਦ ਲਈ ਖਤਰੇ ਦੀ ਘੰਟੇ ਵਜਾ ਦਿੱਤੀ ਹੈ, ਉਥੇ ਹੀ ਕਰਨਾਟਕ ਦੀ ਇਕ 105 ਸਾਲਾ ਬੇਬੇ ਅਜਿਹੀ ਵੀ ਹੈ, ਜਿਹੜੀ ਵਾਤਾਵਰਣ ਦੀ ਰਾਖੀ ਲਈ ਵੱਡਾ ਯੋਗਦਾਨ ਪਾ ਚੁੱਕੀ ਹੈ। ਕਰਨਾਟਕਾ ਦੀ 105 ਸਾਲਾ ਸਾਲੂਮਰਡਾ ਠਿਮਕਾ ਹੁਣ ਤਕ 8000 ਦੇ ਕਰੀਬ ਰੁੱਖ ਲਗਾ ਚੁੱਕੀ ਹੈ। ਇਸ ਲਈ ਸਾਲੂਮਰਡਾ ਠਿਮਕਾ ਨੂੰ ਭਾਰਤ ਸਰਕਾਰ ਵਲੋਂ 2018 ਵਿਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।
ਕੌਣ ਹੈ ਸਾਲੂਮਰਡਾ ਠਿਮਕਾ
ਕਰਨਾਟਕਾ ਦੇ ਗੱਭੀ ਟਾਲੁਕ ਪਿੰਡ ਵਿਚ ਜਨਮੀ ਸਾਲੂਮਰਡਾ ਠਿਮਕਾ ਨੂੰ 'ਰੁੱਖ ਮਾਤਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲੂਮਰਡਾ ਠਿਮਕਾ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਕੁੱਲ ਅੱਠ ਹਜ਼ਾਰ ਦਰੱਖਤ ਲਗਾਏ ਹਨ। ਇਸ ਵਿਚ 400 ਦਰੱਖਤ ਇਕੱਲੇ ਬੋਹੜ ਦੇ ਹੀ ਹਨ। ਠਿਮਕਾ ਸਿਰਫ ਦਰੱਖਤ ਲਗਾਉਣ ਦੀ ਕੰਮ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਦੇਖਭਾਲ ਕਰਦੇ ਹੋਏ ਉਨ੍ਹਾਂ ਨੂੰ ਵੱਡਾ ਵੀ ਕੀਤਾ ਹੈ ਅਤੇ ਅੱਜ ਉਹ ਫਲ ਵੀ ਅਤੇ ਵਾਤਾਵਰਣ ਨੂੰ ਆਕਸੀਜ਼ਨ ਵੀ ਦੇ ਰਹੇ ਹਨ। ਚਾਰ ਕਿਲੋਮੀਟਰ ਦੇ ਇਲਾਕੇ ਵਿਚ ਇਨ੍ਹਾਂ ਨੇ ਜਿੰਨੇ ਵੀ ਦਰੱਖਤ ਲਗਾਏ ਉਨ੍ਹਾਂ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਹੁਣ ਤਕ ਉਨ੍ਹਾਂ ਨੂੰ ਕਈ ਸਨਮਾਨ ਮਿਲ ਚੁੱਕੇ ਹਨ।
ਕਿਵੇਂ ਬਣੀ 'ਰੁੱਖ ਮਾਤਾ'
ਠਿਮਕਾ ਦੇ ਰੁੱਖ ਮਾਤਾ ਬਣਨ ਦੀ ਕਹਾਣੀ ਆਸਾਨ ਨਹੀਂ ਹੈ। ਵਿਆਹ ਤੋਂ ਕਈ ਸਾਲ ਬਾਅਦ ਵੀ ਠਿਮਕਾ ਦੇ ਘਰ ਔਲਾਦ ਨਹੀਂ ਹੋਈ। ਇਸ ਤੋਂ ਪ੍ਰੇਸ਼ਾਨ ਅਤੇ ਮਾਨਸਿਕ ਰੂਪ ਤੋਂ ਪ੍ਰਭਾਵਤ ਠਿਮਕਾ ਦੇ ਮੰਨ 'ਚ ਖੁਦਕੁਸ਼ੀ ਕਰਨ ਦਾ ਵਿਚਾਰ ਆਇਆ। ਉਸ ਸਮੇਂ ਉਹ ਉਮਰ ਦੇ ਚੌਥੇ ਦਹਾਕੇ 'ਚ ਸੀ ਅਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਉਨ੍ਹਾਂ ਨੇ ਕੁਝ ਹੋਰ ਸੋਚਿਆ ਅਤੇ ਇਹ ਫੈਸਲਾ ਕੀਤਾ ਕਿ ਹੁਣ ਉਹ ਦਰੱਖਤਾਂ ਨੂੰ ਆਪਣੀ ਔਲਾਦ ਬਣਾਏਗੀ ਅਤੇ ਅਜਿਹੀਆਂ ਹਜ਼ਾਰਾਂ ਔਲਾਦ ਪੈਦਾ ਕਰੇਗੀ। ਉਦੋਂ ਸ਼ੁਰੂ ਹੋਇਆ ਦਰੱਖਤ ਲਗਾਉਣ ਦਾ ਸਿਲਸਿਲਾ ਜੋ ਅੱਜ ਵੀ ਜਾਰੀ ਹੈ ਅਤੇ ਹੁਣ ਤਕ ਠਿਮਕਾ 8000 ਤੋਂ ਵੱਧ ਦਰੱਖਤ ਲਗਾ ਚੁੱਕੀ ਹੈ। ਇਨ੍ਹਾਂ ਦਾ ਅਸਲ ਨਾਮ ਠਿਮਕਾ ਹੈ ਜਦਕਿ ਇਨ੍ਹਾਂ ਨੂੰ ਸਾਲੂਮਰਡਾ ਦੀ ਉਪਾਧੀ ਮਿਲੀ ਹੈ। ਦਰਅਸਲ ਸਾਲੂਮਰਡਾ ਸ਼ਬਦ ਦਾ ਅਰਥ ਕੰਨੜ ਭਾਸ਼ਾ 'ਚ 'ਦਰੱਖਤ ਦੀ ਪੰਕਤੀ' ਹੈ।
ਲਗਾਤਾਰ ਇਕ ਹੀ ਪੰਕਤੀ 'ਚ ਕਈ ਸਾਰੇ ਦਰੱਖਤ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ। ਇਸੇ ਕਾਰਨ ਠਿਮਕਾ ਨੂੰ 'ਦਰੱਖਤ ਮਾਤਾ' ਕਿਹਾ ਜਾਣ ਲੱਗਾ। ਠਿਮਕਾ ਦੇ ਪਤੀ ਦੀ ਮੌਤ 1991 ਵਿਚ ਹੋਈ ਸੀ ਪਰ ਉਸ ਤੋਂ ਬਾਅਦ ਇਨ੍ਹਾਂ ਦੇ ਅੰਦਰ ਹੋਰ ਹਿੰਮਤ ਆ ਗਈ ਅਤੇ ਇਨ੍ਹਾਂ ਨੇ ਹੋਰ ਦਰੱਖਤ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਇਨ੍ਹਾਂ ਨੇ ਇਕ ਬੇਟਾ ਗੋਦ ਲਿਆ ਜਿਸ ਦਾ ਨਾਮ ਉਮੇਸ਼ ਰੱਖਿਆ।