ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਬੰਦ ਹੋਵੇਗੀ ਇਹ ਫਲਾਈਟ

Thursday, Mar 02, 2023 - 02:26 PM (IST)

ਅੰਮ੍ਰਿਤਸਰ (ਬਾਠ) : ਅੰਮ੍ਰਿਤਸਰ ਤੋਂ ਵਾਇਆ ਹੀਥਰੋ, ਕੈਨੇਡਾ ਜਾਣ ਵਾਲੇ ਭਾਰਤੀ ਯਾਤਰੂਆਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਮਿਲੀ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਇਹ ਫਲਾਈਟ 25 ਮਾਰਚ 2023 ਤੋਂ ਬੰਦ ਹੋ ਰਹੀ ਹੈ ਅਤੇ ਇਸ ਦੇ ਬਦਲਵੇਂ ਰੂਪ ’ਚ ਇਹ ਫਲਾਈਟ ਇੰਗਲੈਂਡ ਦੇ ਗੈਟਟਿਕ ਤੱਕ ਸੀਮਤ ਕਰ ਦਿੱਤੀ ਗਈ ਹੈ, ਜਿਥੋਂ ਕਿ ਕੈਨੇਡਾ ਦੇ ਕਿਸੇ ਮੁੱਖ ਸ਼ਹਿਰ ਵਿਚ ਜਾਣ ਲਈ ਵਾਪਸ ਫਿਰ ਹੀਥਰੋਂ ਹਵਾਈ ਅੱਡੇ ਤੇ ਪਹੁੰਚਣਾ ਪਵੇਗਾ। ਇਸ ਸਬੰਧੀ ਫਲਾਈ ਇਨੀਟੇਟਿਵ ਗਲੋਬਲ ਦੇ ਕਨਵੀਨਰ ਸੰਮੀਪ ਸਿੰਘ ਗੁੰਮਟਾਲਾ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀਆਂ ਵੱਲੋਂ ਕੈਨੇਡਾ ਅੰਮ੍ਰਿਤਸਰ ਤੋਂ ਵਧੇਰੇ ਫਲਾਈਟਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਭਾਰਤੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਰਾਘਵ ਚੱਢਾ ਅਤੇ ਵਿਕਰਮ ਸਾਹਨੀ ਵੱਲੋਂ ਟਵੀਟ ਕਰ ਕੇ ਲੋਕਾਂ ਨੂੰ ਲਾਲੀਪਾਪ ਦਿੱਤਾ ਜਾਂਦਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਜਲਦੀ ਹੀ ਹੋਰ ਵਧੇਰੇ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਕੈਨੇਡਾ ਭਾਰਤ ਸਰਕਾਰਾਂ ਵਿਚਕਾਰ ਨਵੰਬਰ 2022 ’ਚ ਹੋਰ ਵਧੇਰੇ ਫਲਾਈਟਾਂ ਕੈਨੇਡਾ ਤੋਂ ਬੈਗਲੁਰੂ, ਚੇਨਈ ਦਿੱਲੀ, ਹੈਦਰਾਬਾਦ, ਕਲਕੱਤਾ ਤੱਕ ਚਲਾਉਣ ਤੇ ਬਦਲ ਵਿਚ ਇਨ੍ਹਾਂ ਸ਼ਹਿਰਾਂ ਤੋਂ ਟਰਾਂਟੋ, ਮੋਨਟਰੀਅਲ ਐਡਮਿੰਟਨ, ਵੈਨਕੂਵਰ ਦੀਆਂ ਫਲਾਈਟਾਂ ਚਲਾਉਣ ਦਾ ਕੈਨੇਡਾ ਭਾਰਤ ਸਰਕਾਰ ’ਚ ਸਮਝੌਤਾ ਕੀਤਾ ਗਿਆ। ਉਸ ਵੇਲੇ ਪੰਜਾਬੀਆਂ ਨੂੰ ਇਹ ਮਹਿਸੂਸ ਹੋਇਆ ਕਿ ਭਾਰਤੀ ਮੈਂਬਰ ਪਾਰਲੀਮੈਂਟ ਉਨ੍ਹਾਂ ਨੂੰ ਹਨ੍ਹੇਰੇ ਵਿਚ ਰੱਖ ਕੇ ਝੂਠੀ ਵਾਹ-ਵਾਹ ਖੱਟ ਰਹੇ ਹਨ। ਪੰਜਾਬੀਆਂ ਦੇ ਇਸ ਸਮਝੌਤੇ ਨਾਲ ਕੈਨੇਡਾ ਅੰਮ੍ਰਿਤਸਰ ਹੋਰ ਫਲਾਈਟਾਂ ਚੱਲਣ ਦੀ ਖਾਹਸ਼ ਵੀ ਖਤਮ ਹੋ ਗਈ।

ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ 2 ਬੰਦੀਆਂ ਦਾ ਕਤਲ ਜੇਲ੍ਹ ਵਿਭਾਗ ਲਈ ਚੁਣੌਤੀ, ਸੈਂਟਰਲ ਜੇਲ ਵੀ ਅਲਰਟ ’ਤੇ

ਇਕ ਸਰਵੇਖਣ ਮੁਤਾਬਕ ਇਕ ਸਾਲ ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਪੰਜ ਲੱਖ ਤੋਂ ਉਪਰ ਭਾਰਤੀ ਸਫਰ ਕਰਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵਧੇਰੇ ਗਿਣਤੀ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਹੁੰਦੀ ਹੈ, ਜਿਨ੍ਹਾਂ ਲਈ ਅੰਮ੍ਰਿਤਸਰ ਤੋਂ ਕੈਨੇਡਾ ਲਈ ਕੋਈ ਸਿੱਧੀ ਫਲਾਈਟ ਨਹੀਂ। ਦਿੱਲੀ ਤੋਂ ਫਲਾਈਟ ਲੈਣ ਲਈ ਉਨ੍ਹਾਂ ਨੂੰ ਪਹਿਲਾਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ, ਟੈਕਸੀਆਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ ਅਤੇ ਭਾਰੀ ਖਰਚ ਤੇ ਖੱਜਲ-ਖੁਆਰੀ ਬਾਅਦ ਦਿੱਲੀ ਤੋਂ ਫਲਾਈਟ ਫੜ ਕੇ ਹੋਰ ਦੇਸ਼ਾਂ ਵਾਂਗ ਕੈਨੇਡਾ ਦੇ ਵੱਖ-ਵੱਖ ਹਵਾਈ ਅੱਡੇ ਲਈ ਫਲਾਈਟਾਂ ਫੜਣੀਆਂ ਪੈਂਦੀਆਂ। ਖਾਸ ਤੌਰ ’ਤੇ ਬਜ਼ੁਰਗਾਂ, ਬੀਮਾਰਾਂ ਅਤੇ ਬੱਚਿਆਂ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ। ਇਸ ਵਕਤ ਅੰਮ੍ਰਿਤਸਰ ਤੋਂ ਹਰ ਰੋਜ਼ 52 ਫਲਾਈਟਾਂ ਰਵਾਨਾ ਹੁੰਦੀਆਂ ਹਨ ਪਰ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟਾਂ ਬਹੁਤ ਘੱਟ ਤੇ ਉਹ ਵੀ ਬੇਯਕੀਨੀ ਹੁੰਦੀਆਂ ਹਨ, ਜਿਸ ਕਰ ਕੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਫੜਣ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਲਈ ਫਲਾਈਟ ਫੜਣ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਦੂਸਰਾ ਅੰਮ੍ਰਿਤਸਰ ਸ਼ਹਿਰ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਸੜਕ ਦਾ ਸਫਰ ਇਕ ਭਾਰੀ ਜੋਖਮ ਭਰਿਆ ਹੈ। ਸਾਰੇ ਪੰਜਾਬ ਤੋਂ ਇਸ ਰਸਤੇ ਤੇ ਅਕਸਰ ਕਿਸੇ ਨਾ ਕਿਸੇ ਪਾਰਟੀ ਵੱਲੋਂ ਰੋਸ ਵਜੋਂ ਸੜਕ ਰੋਕ ਕੇ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਭਾਰੀ ਸੜਕ ਜਾਮ ਕਾਰਨ ਅਕਸਰ ਅੰਮ੍ਰਿਤਸਰ ਤੋਂ ਫਲਾਈਟ ਫੜਨੀ ਮੁਸ਼ਕਲ ਹੋ ਜਾਂਦੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੱਕ ਪੁੱਜਣ ਲਈ  ਸੜਕ ਤੋਂ 10 ਕਿਲੋਮੀਟਰ ਦਾ ਸਫਰ ਤੈਣ ਕਰਨਾ ਪੈਂਦਾ ਹੈ, ਕਈ ਵਾਰ ਤਾਂ ਕਈ-ਕਈ ਘੰਟੇ ਲਗ ਜਾਂਦੇ ਹਨ। ਰਾਤ ਨੂੰ ਸੜਕ ’ਤੇ ਸਟਰੀਟ ਲਾਈਟਾਂ ਦਾ ਠੀਕ ਢੰਗ ਨਾਲ ਨਾ ਚਲਣਾ ਕਈ ਹਾਦਸਿਆਂ ਨੂੰ ਜਨਮ ਦਿੰਦਾ ਹੈ। 

ਇਹ ਵੀ ਪੜ੍ਹੋ : ਦਿੱਲੀ ਦੇ ਆਬਕਾਰੀ ਘਪਲੇ ਦੀ ਜਾਂਚ ਪੰਜਾਬ ਤੱਕ ਵਧਾਈ ਜਾਵੇ : ਮਜੀਠੀਆ

ਇਹ ਵੀ ਪੜ੍ਹੋ : ਗੁਜਰਾਤ ਤੇ ਯੂ. ਪੀ. ਦੇ ਰਾਜਪਾਲਾਂ ਨੇ ਆਪਣੇ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ : ਭਗਵੰਤ ਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News