ਠੱਗ ਟਰੈਵਲ ਏਜੰਟਾਂ ਦਾ ਕਾਰਨਾਮਾ, ਇਟਲੀ ਭੇਜਣ ਦਾ ਲਾਰਾ ਲਾ ਕੇ ਭੇਜ ਦਿੱਤਾ ਰੂਸ
Wednesday, Jan 27, 2021 - 05:03 PM (IST)
ਫਿਰੋਜ਼ਪੁਰ (ਮਲਹੋਤਰਾ) : ਨੌਜਵਾਨ ਨੂੰ ਇਟਲੀ ਭੇਜਣ ਦਾ ਲਾਰਾ ਲਾ ਕੇ ਉਸ ਨੂੰ ਰੂਸ ਭੇਜਣ ਵਾਲੇ ਟਰੈਵਲ ਏਜੰਟ ਅਤੇ ਉਸਦੇ ਸਾਥੀ ਖ਼ਿਲਾਫ਼ ਜ਼ਿਲ੍ਹਾ ਪੁਲਸ ਨੇ ਜਾਂਚ ਤੋਂ ਬਾਅਦ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ। ਦੋਵੇਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ। ਗੁਰਨਾਮ ਸਿੰਘ ਵਾਸੀ ਕਸੂਰੀ ਗੇਟ ਫਿਰੋਜ਼ਪੁਰ ਨੇ ਅਪ੍ਰੈਲ 2019 ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸਦਾ ਲੜਕਾ ਸੁਖਚੈਨ ਸਿੰਘ ਕੁਝ ਸਮਾਂ ਪਹਿਲਾਂ ਰੁਮਾਨੀਆ ਗਿਆ ਹੋਇਆ ਸੀ ਤਾਂ ਉਥੇ ਉਸ ਦੀ ਮੁਲਾਕਾਤ ਰਿੰਕੂ ਵਾਸੀ ਆਦਰਸ਼ ਨਗਰ ਜਲੰਧਰ ਨਾਲ ਹੋਈ। ਰਿੰਕੂ ਨੇ ਉਸ ਨੂੰ ਇਸ ਲਾਰੇ ਵਿਚ ਲੈ ਲਿਆ ਕਿ ਉਸਦਾ ਜਾਣਕਾਰ ਅਵਤਾਰ ਸਿੰਘ ਐੱਚ.ਟੀ.ਐੱਸ. ਇਮੀਗਰੇਸ਼ਨ ਕੰਪਨੀ ਜਲੰਧਰ ਦਾ ਮਾਲਕ ਹੈ ਤੇ ਉਹ ਕਈ ਨੌਜਵਾਨਾਂ ਨੂੰ ਇਟਲੀ ਭੇਜ ਚੁੱਕਾ ਹੈ। ਸ਼ਿਕਾਇਤ ਕਰਤਾ ਅਨੁਸਾਰ ਉਸਦੇ ਲਾਰੇ ਵਿਚ ਫਸ ਸੁਖਚੈਨ ਸਿੰਘ ਨੇ ਰਿੰਕੂ ਨੂੰ 2 ਲੱਖ ਰੁਪਏ ਨਕਦ ਦੇ ਦਿੱਤੇ ਤੇ 5 ਲੱਖ ਰੁਪਏ ਅਵਤਾਰ ਸਿੰਘ ਨੂੰ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਭੇਜੇ ਗਏ।
ਇਸ ਤੋਂ ਬਾਅਦ ਅਵਤਾਰ ਸਿੰਘ ਨੇ ਉਸਦੇ ਲੜਕੇ ਦਾ ਰੂਸ ਦਾ ਇਕ ਮਹੀਨੇ ਦਾ ਵੀਜ਼ਾ ਲਗਾ ਦਿੱਤਾ ਅਤੇ ਰਿੰਕੂ ਨੇ ਉਸ ਨੂੰ ਰੂਸ ਦੀ ਟਿਕਟ ਲੈ ਕੇ ਦਿੱਤੀ ਅਤੇ ਕਿਹਾ ਕਿ ਉਸਦੇ ਬੰਦੇ ਰੂਸ ਤੋਂ ਉਸ ਨੂੰ ਅੱਗੇ ਇਟਲੀ ਭੇਜ ਦੇਣਗੇ। ਸ਼ਿਕਾਇਤ ਕਰਤਾ ਅਨੁਸਾਰ ਉਸਦਾ ਲੜਕਾ ਇਕ ਮਹੀਨੇ ਤੱਕ ਰੂਸ ਵਿਚ ਰਿਹਾ ਤੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਇਕ ਦਿਨ ਦੀ ਜੇਲ੍ਹ ਕੱਟਣੀ ਪਈ ਤੇ ਜੁਰਮਾਨਾ ਭਰਨ ਤੋਂ ਬਾਅਦ ਉਹ ਭਾਰਤ ਵਾਪਸ ਆ ਗਿਆ। ਇੱਥੇ ਆ ਕੇ ਉਹ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਅਵਤਾਰ ਸਿੰਘ ਦੇ ਦਫ਼ਤਰ ਗਏ ਤਾਂ ਉਥੇ ਰਿੰਕੂ ਵੀ ਮੌਜੂਦ ਸੀ। ਦੋਹਾਂ ਨੇ ਉਨਾਂ ਦੇ ਪੈਸੇ ਮੋਡ਼ਣ ਤੋਂ ਇਨਕਾਰ ਕਰ ਦਿੱਤਾ।
ਦੋਸ਼ੀਆਂ ਦੀ ਭਾਲ ਜਾਰੀ
ਥਾਣਾ ਸਿਟੀ ਦੇ ਸਬ ਇੰਸਪੈਕਟਰ ਅਨੁਸਾਰ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਅਵਤਾਰ ਸਿੰਘ ਤੇ ਰਿੰਕੂ ਦੇ ਖ਼ਿਲਾਫ਼ ਸੱਤ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।