ਮੋਗਾ ਦੇ ‘ਠੱਗ’ ਟਰੈਵਲ ਏਜੰਟ ਨੇ ਅਮਨਦੀਪ ਕੌਰ ਨੂੰ ਭੇਜਿਆ ਦੁਬਈ, ਸ਼ੇਖ ਨੇ ਕੈਦ ਕੀਤੀ ਕੁੜੀ
Tuesday, Mar 22, 2022 - 05:39 PM (IST)
ਮੋਗਾ (ਗੋਪੀ ਰਾਊਕੇ) : ਪੰਜਾਬ ’ਚ ਆਰਥਿਕ ਤੰਗੀ ਤੁਰਸ਼ੀ ਦੇ ਚੱਲਦਿਆਂ ਸੂਬਿਆਂ ਦਾ ਨੌਜਵਾਨ ਵਰਗ ਵੱਡੇ ਪੱਧਰ ’ਤੇ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ਾਂ ਵਿਚ ਲੱਖਾਂ ਰੁਪਏ ਖਰਚ ਕਰ ਕੇ ਜਾ ਰਿਹਾ ਹੈ ਪਰ ਕਥਿਤ ਠੱਗ ਟਰੈਵਲ ਏਜੰਟ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ‘ਠੱਗੀ’ ਮਾਰੀ ਜਾ ਰਹੀ ਹੈ, ਜਿਸ ਕਰਕੇ ਅਰਬ ਦੇਸ਼ਾਂ ਵਿਚ ਬਹੁਤੇ ਨੌਜਵਾਨ ਅਤੇ ਖਾਸਕਰ ਪੰਜਾਬ ਦੀਆਂ ਲੜਕੀਆਂ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜ਼ਬੂਰ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਲੜਕੀਆਂ ਨੂੰ ਆਪਣੀ ਸੁਰੱਖਿਅਤ ਵਤਨ ਵਾਪਸੀ ਲਈ ਵੀ ਭਾਰੀ ਮਸ਼ੱਕਤ ਕਰਨੀ ਪੈਂਦੀ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ ਦੀ ਅਮਨਦੀਪ ਕੌਰ ਦਾ ਹੈ, ਜੋ ਨਿਹਾਲ ਸਿੰਘ ਵਾਲਾ ਦੇ ਇਕ ਕਥਿਤ ਟਰੈਵਲ ਏਜੰਟ ਨੂੰ ਇਕ ਲੱਖ ਰੁਪਏ ਦੇ ਕੇ ਦੁਬਈ ਗਈ ਸੀ ਤਾਂ ਜੋ ਉਹ ਆਪਣੇ ਸੁਫ਼ਨੇ ਪੂਰੇ ਕਰ ਸਕੇ ਪਰ ਦੁਬਈ ਇਕ ਘਰ ਵਿਚ ਸ਼ੇਖ ਦੇ ਪਰਿਵਾਰ ਵੱਲੋਂ ਉਸਨੂੰ ‘ਕੈਦ’ ਕਰ ਕੇ ਰੱਖਿਆ ਗਿਆ ਹੈ। ਪੀੜਤਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸੇ ਵਰ੍ਹੇ ਫਰਵਰੀ ਮਹੀਨੇ ਅਮਨ ਦੁਬਈ ਗਈ ਸੀ ਅਤੇ ਉੱਥੇ ਉਸ ਨੂੰ ਪੰਜ-ਪੰਜ ਦਿਨ ਭੁੱਖਣ ਭਾਣੇ ਰੱਖਿਆ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਉਸਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਦੋਸ਼ ਲਗਾਇਆ ਅਮਨ ਵੱਲੋਂ ਸਾਨੂੰ ਜਦੋਂ ਇਹ ਦੱਸਿਆ ਕਿ ਉਸ ਨਾਲ ਬਹੁਤ ਘਟੀਆਂ ਸਲੂਕ ਕੀਤਾ ਜਾਂਦਾ ਹੈ ਤਾਂ ਅਸੀਂ ਨਿਹਾਲ ਸਿੰਘ ਵਾਲਾ ਦੇ ਸਬੰਧਤ ਟਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਜੇਕਰ ਅਮਨ ਨੇ ਭਾਰਤ ਆਉਣਾ ਹੈ ਤਾਂ ਉਸਨੂੰ 1.50 ਲੱਖ ਰੁਪਏ ਹੋਰ ਦੇਣੇ ਪੈਣਗੇ। ਪੀੜਤ ਪਰਿਵਾਰ ਨੇ ਆਖਿਆ ਕਿ ਪਹਿਲਾਂ ਹੀ ਇਕ ਲੱਖ ਰੁਪਏ ਬਹੁਤ ਹੀ ਤੰਗੀ ਤੁਰਸ਼ੀ ਨਾਲ ਇਕੱਠੇ ਕੀਤੇ ਸਨ। ਇਸੇ ਦੌਰਾਨ ਹੀ ਪਰਿਵਾਰ ਨੇ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸਾਡੀ ਲੜਕੀ ਅਮਨਦੀਪ ਕੌਰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਜੋ ਧੀਆਂ ਦੁਬਈ ਸਮੇਤ ਹੋਰ ਅਰਬ ਮੁਲਕਾਂ ਵਿਚ ਅਜਿਹੀ ਜ਼ਿੰਦਗੀ ਕੱਟ ਰਹੀਆਂ ਹਨ ਉਨ੍ਹਾਂ ਦੀ ਵਤਨ ਵਾਪਸੀ ਲਈ ਫੌਰੀ ਤੌਰ ’ਤੇ ਕਦਮ ਚੁੱਕੇ ਜਾਣ। ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੇ ਕਿਹਾ ਕਿ ਠੱਗ ਟਰੈਵਲ ਏਜੰਟਾਂ ਵਿਰੁੱਧ ਹਰ ਹਾਲ ਵਿਚ ਬਣਦੀ ਕਾਨੂੰਨੀ ਕਰਵਾਈ ਕਰਵਾਈ ਜਾਵੇਗੀ। ਉਨ੍ਹਾਂ ‘ਚਿਤਵਾਨੀ’ ਦਿੰਦਿਦਾਂ ਕਿਹਾ ਕਿ ਜੇਕਰ ਸਬੰਧਤ ਏਜੰਟ ਨੇ ਅਮਨਦੀਪ ਕੌਰ ਨੂੰ ਵਤਨ ਲਿਆਉਣ ਲਈ ਹੋਰ ਪੈਸੇ ਦੀ ਮੰਗ ਕੀਤੀ ਤਾਂ ਲੋੜ ਪੈਣ ’ਤੇ ਸੰਘਰਸ਼ ਵੀ ਕੀਤਾ ਜਾਵੇਗਾ।