ਮੁੜ ਚਰਚਾ 'ਚ ਮਾਈਨਿੰਗ ਦਾ ਮੁੱਦਾ, ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ
Monday, May 02, 2022 - 02:58 PM (IST)
ਜਲੰਧਰ(ਚੋਪੜਾ, ਰਾਹੁਲ ਕਾਲਾ): ਪੰਜਾਬ ਵਿਚ ਮਾਈਨਿੰਗ ਦਾ ਮੁੱਦਾ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਬੰਦ ਪਈਆਂ ਰੇਤਾ ਦੀਆਂ ਖੱਡਾਂ ਚਲਾਉਣ ਦੇ ਲਈ ਇਸ ਵਾਰ ਟਰਾਂਸਪੋਰਟਰਾਂ ਨੇ ਮੰਗ ਕੀਤੀ ਹੈ। ਜਲੰਧਰ ਦੇ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਖੱਡਾਂ ਬੰਦ ਹੋਣ ਕਾਰਨ ਟਰੱਕ ਡਰਾਈਵਰ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਟਰਾਂਸਪੋਰਟਰਾ ਨੇ ਮੰਗ ਕੀਤੀ ਕਿ ਜੇਕਰ ਵੀਰਵਾਰ ਤੱਕ ਖੱਡਾਂ ਨੂੰ ਚਾਲੂ ਨਹੀਂ ਕੀਤਾ ਜਾਂਦਾ ਤਾਂ ਜ਼ਿਲ੍ਹੇ ਵਿਚ ਪੱਕਾ ਧਰਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਪਹੁੰਚੇ ਟਰਾਂਸਪੋਰਟਰਾਂ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ 500 ਦੇ ਕਰੀਬ ਟਰੱਕ ਹਨ ਜੋ ਖੱਡਾਂ 'ਚੋਂ ਰੇਤਾ ਸਪਲਾਈ ਕਰਦੇ ਹਨ। ਮਾਈਨਿੰਗ ਬੰਦ ਹੋਣ ਦੇ ਕਾਰਨ ਇਨ੍ਹਾਂ 500 ਟਰੱਕਾਂ ਦੇ ਮਾਲਕਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ ਅਤੇ ਟਰੱਕਾਂ ਦੀ ਕਿਸ਼ਤ ਕੱਢਣ ਜੋਗੇ ਪੈਸੇ ਵੀ ਨਹੀਂ ਹਨ। ਟਰਾਂਸਪੋਰਟਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਪਠਾਨਕੋਟ ਚੌਂਕ ਵਿੱਚ ਸਾਰੇ ਟਰੱਕ ਖੜ੍ਹੇ ਕਰ ਕੇ ਇਨ੍ਹਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਫੜਾ ਦਿੱਤੀਆਂ ਜਾਣਗੀਆਂ ਅਤੇ ਇਸ ਧਰਨੇ ਨੂੰ ਸੂਬਾ ਪੱਧਰ 'ਤੇ ਲੈ ਕੇ ਜਾਇਆ ਜਾਵੇਗਾ।
ਟਰਾਂਸਪੋਰਟਰਾਂ ਨੇ ਮੰਗ ਕੀਤੀ ਕਿ ਜਿਹੜੀਆਂ ਕਾਨੂੰਨੀ ਖੱਡਾਂ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਜਲਦ ਤੋਂ ਜਲਦ ਸ਼ੁਰੂ ਕਰੇ ਤਾਂ ਜੋ ਠੇਕੇਦਾਰਾਂ ਦੀ ਮਨਮਰਜ਼ੀ ਬੰਦ ਹੋਵੇ ਅਤੇ ਲੋਕਾਂ ਨੂੰ ਵੀ ਸਸਤੇ ਭਾਅ ਰੇਤਾ ਮਿਲ ਸਕੇ। ਟਰਾਂਸਪੋਰਟਰਾਂ ਮੁਤਾਬਕ ਬਾਹਰੋਂ ਰੇਤਾ ਲਿਆਉਣ ਦੇ ਨਾਲ ਆਮ ਲੋਕਾਂ ਨੂੰ ਵੀ ਕਾਫ਼ੀ ਮਹਿੰਗੇ ਭਾਅ ਰੇਤਾ ਮਿਲ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾਅਵਾ ਕਰ ਰਹੇ ਹਨ ਕਿ ਜਲਦ ਹੀ ਪੰਜਾਬ ਵਿਚ ਮਾਈਨਿੰਗ ਪਾਲਿਸੀ ਬਣਾਈ ਜਾਵੇਗੀ ਜਿਸਦੇ ਨਾਲ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਲੋਕਾਂ ਨੂੰ ਸਸਤੀ ਰੇਤਾ-ਬੱਜਰੀ ਮਿਲੇਗੀ
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।