ਟਰਾਂਸਪੋਰਟ ਮੰਤਰੀ ਵੱਲੋਂ ਐਸ.ਟੀ.ਸੀ. ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ

10/11/2022 7:12:47 PM

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਸ਼ਾਸਨਿਕ ਕੰਮ-ਕਾਜ 'ਚ ਹੋਰ ਸੁਧਾਰ ਲਿਆਉਣ ਦੇ ਮੰਤਵ ਨਾਲ ਅੱਜ ਸੈਕਟਰ-17 ਸਥਿਤ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ) ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਸਣੇ ਕੰਮਕਾਜ ਦਾ ਜਾਇਜ਼ਾ ਲਿਆ। ਦੋਵੇਂ ਦਫ਼ਤਰਾਂ 'ਚ ਬਾਅਦ ਦੁਪਹਿਰ ਅਚਨਚੇਤ ਚੈਕਿੰਗ ਦੌਰਾਨ ਭੁੱਲਰ ਨੇ ਵੱਖ-ਵੱਖ ਮੰਜ਼ਿਲਾਂ 'ਤੇ ਵਿਭਾਗ ਦੇ ਸਾਰੇ ਵਿੰਗਾਂ 'ਚ ਜਾ ਕੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਕੰਮਕਾਜ ਵੇਖਿਆ।

PunjabKesari

ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਵਿਭਾਗ ਦੀਆਂ ਸਕੀਮਾਂ ਅਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸੇ ਤਰ੍ਹਾਂ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਵਿਖੇ ਕੈਬਨਿਟ ਮੰਤਰੀ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਦੇ ਵਾਹਨ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦਾ ਨਿਰੀਖਣ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੀ ਹਾਜ਼ਰੀ ਚੈਕ ਕੀਤੀ। ਉਨ੍ਹਾਂ ਦਫ਼ਤਰ ਵਿੱਚ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ।

PunjabKesari

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਤੇ ਬਿਹਤਰ ਢੰਗ ਨਾਲ ਚਲਾਉਣ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਭਾਗੀ ਕੰਮਕਾਜ ਵਿੱਚ ਸੁਧਾਰ ਲਿਆਉਣ ਦੀ ਵਚਨਬੱਧ ਹੈ ਅਤੇ ਚੈਕਿੰਗ ਦਾ ਮੰਤਵ ਕਿਸੇ ਨੂੰ ਡਰਾਉਣਾ ਜਾਂ ਧਮਕਾਉਣਾ ਨਹੀਂ, ਸਗੋਂ ਪ੍ਰਸ਼ਾਸਨਿਕ ਕੰਮ ਕਾਜ 'ਚ ਸੁਧਾਰ ਲਿਆਉਣਾ ਹੈ।


Mandeep Singh

Content Editor

Related News