ਟ੍ਰਾਂਸਜੈਂਡਰਾਂ ਲਈ ਜੇਲ੍ਹ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕੇਂਦਰ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ

Tuesday, Mar 22, 2022 - 12:18 PM (IST)

ਟ੍ਰਾਂਸਜੈਂਡਰਾਂ ਲਈ ਜੇਲ੍ਹ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕੇਂਦਰ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ

ਲੁਧਿਆਣਾ (ਸਿਆਲ) : ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਟ੍ਰਾਂਸਜੈਂਡਰਾਂ ਦੀ ਉਚਿਤ ਦੇਖ-ਭਾਲ ਅਤੇ ਉਨ੍ਹਾਂ ਦੀ ਸਿਹਤ ਪ੍ਰਤੀ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿਚ ਇਨ੍ਹਾਂ ਦੇ ਸਿਹਤ ਦੇ ਨਾਲ-ਨਾਲ ਜੇਲ੍ਹ ਵਿਚ ਸਜ਼ਾ ਦੌਰਾਨ ਮਿਲਣ ਵਾਲੀਆਂ ਸਿਹਤ ਸਹੂਲਤਾਂ ’ਤੇ ਖ਼ਾਸ ਤੌਰ ’ਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧੀ ਸੂਬੇ ਦੇ ਮੁੱਖ ਸਕੱਤਰ ਸਮੇਤ ਜੇਲ੍ਹ ਦੇ ਆਲ੍ਹਾ ਅਧਿਕਾਰੀਆਂ ਨੂੰ ਵੀ ਪੱਤਰ ਲਿਖ ਕੇ ਨਸੀਹਤ ਦਿੱਤੀ ਗਈ ਹੈ ਕਿ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਇਨ੍ਹਾਂ ਹੁਕਮਾਂ ਦੇ ਪਹਿਲੇ ਪਹਿਰੇ ’ਚ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਸਜ਼ਾ ਦੌਰਾਨ ਟ੍ਰਾਂਸਜੈਂਡਰਾਂ ਦੀ ਸੁਰੱਖਿਆ ਪੁਖ਼ਤਾ ਕਰਨ ਸਮੇਤ ਉਨ੍ਹਾਂ ਨੂੰ ਜੇਲ੍ਹ ’ਚ ਹੋਣ ਵਾਲੇ ਕਿਸੇ ਵੀ ਸੋਸ਼ਣ ਤੋਂ ਬਚਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਿੰਗ ਭੇਦ-ਭਾਵ ਤੋਂ ਬਿਨਾਂ ਯੋਗ ਰਿਹਾਇਸ਼ ਬਾਕੀ ਦੇ ਕੈਦੀਆਂ ਦੇ ਬਰਾਬਰ ਦਿੱਤੀ ਜਾਵੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਟ੍ਰਾਂਸਜੈਂਡਰਾਂ ਲਈ ਮਹਿਲਾ ਅਤੇ ਪੁਰਸ਼ ਕੈਦੀਆਂ ਵਾਂਗ ਵੱਖਰੇ ਤੌਰ ’ਤੇ ਰਜਿਸਟਰ ਬਣਾਇਆ ਜਾਵੇ, ਜਿਸ ਵਿਚ ਉਨ੍ਹਾਂ ਦਾ ਪੂਰਾ ਰਿਕਾਰਡ ਭਰਿਆ ਜਾਵੇ। ਦੂਜੇ ਪਾਸੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਵੀ ਉਸੇ ਤਰ੍ਹਾਂ ਮੁਹੱਈਆ ਕਰਵਾਈਆਂ ਜਾਣ, ਜਿਸ ਤਰ੍ਹਾਂ ਪੁਰਸ਼ ਅਤੇ ਮਹਿਲਾ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਮਤਲਬ ਪੰਜਾਬ ਦੀਆਂ ਜੇਲ੍ਹਾਂ ਵਿਚ ਸਿਹਤ ਦੇ ਪੱਧਰ ’ਤੇ ਟ੍ਰਾਂਸਜੈਂਡਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਗੈਰ-ਕਾਨੂੰਨੀ ਮੰਨਿਆ ਜਾਵੇਗਾ।
ਜਾਣਕਾਰਾਂ ਤੇ ਮਿਲਣ ਆਉਣ ਵਾਲਿਆਂ ਲਈ ਵੀ ਹੋਵੇ ਸਹੂਲਤ
ਇਸ ਐਡਵਾਈਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਟ੍ਰਾਂਸਜੈਂਡਰਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਲਈ ਵੀ ਬਰਾਬਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ- ਜਿਵੇਂ ਪੁਰਸ਼ ਅਤੇ ਔਰਤ ਕੈਦੀਆਂ ਨੂੰ ਮਿਲਦੀਆਂ ਹਨ। ਇਸ ਐਡਵਾਈਜ਼ਰੀ ਦਾ ਮਕਸਦ ਇਹੀ ਹੈ ਕਿ ਜੇਲ੍ਹ ’ਚ ਕੈਦ ਸਮੇਂ ਦੌਰਾਨ ਟ੍ਰਾਂਸਜੈਂਡਰਾਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰੱਖਿਆ ਜਾਵੇ।
 


author

Babita

Content Editor

Related News