ਪੰਜਾਬ ਸਰਕਾਰ ਵਲੋਂ 54 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੇ ਤਬਾਦਲੇ
Sunday, May 10, 2020 - 08:44 PM (IST)
ਕੁਰਾਲੀ, (ਬਠਲਾ)— ਪੰਜਾਬ ਸਰਕਾਰ ਵਲੋਂ ਪੀ. ਈ. ਐੱਸ. (ਸਕੂਲ ਤੇ ਇੰਨਸਪੈਕਸ਼ਨ) ਗਰੁੱਪ-ਏ ਦੇ ਅਧਿਕਾਰੀਆਂ ਦੀ ਵੱਡੀ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆ ਗਈਆਂ ਹਨ। ਸਰਕਾਰ ਵਲੋਂ ਜਾਰੀ ਹਦਾਇਤ ਤਹਿਤ ਸਰਬਜੀਤ ਸਿੰਘ ਧੂਰੀ ਮਾਨਸਾ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿ) ਹੋਣਗੇ, ਮਾਨਸਾ ਵਿਖੇ ਲਗਾਏ ਗਏ ਸਿੱਖਿਆ ਅਧਿਕਾਰੀ ਗੁਆਂਢੀ ਜ਼ਿਲ੍ਹੇ ਸੰਗਰੂਰ ਦੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਸੰਗਰੂਰ ਵਜੋਂ ਤਾਇਨਾਤ ਸਨ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਕੀਤੇ ਪੱਤਰ ਰਾਹੀਂ ਜਗਜੀਤ ਸਿੰਘ ਪ੍ਰਿੰਸੀਪਲ ਸ. ਸ. ਸ. ਸ. ਪੁਰਖਾਲੀ ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ, ਰਾਜ ਕੁਮਾਰ ਖੋਸਲਾ ਪ੍ਰਿੰਸੀਪਲ ਧਮਾਣਾ ਰੂਪਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਲਗਾਇਆ ਗਿਆ ਹੈ। ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਵਿਭਾਗ ਵਲੋਂ ਜਾਰੀ ਪੱਤਰ ਮੁਤਾਬਕ ਜਿਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ 'ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿਚ ਉਹ ਹਫ਼ਤੇ ਦੇ ਅਖ਼ਰੀਲੇ ਤਿੰਨ ਦਿਨ ਸਕੂਲ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਜਾਣਗੇ।