ਪੁਲ ਦੀ ਰੇਲਿੰਗ ਤੋੜ ਦਰਿਆ ''ਚ ਡਿੱਗਿਆ ਟਰਾਲਾ, ਡਰਾਈਵਰ ਦੀ ਮੌਤ ਦਾ ਸ਼ੱਕ
Tuesday, Mar 20, 2018 - 12:47 PM (IST)

ਟਾਂਡਾ ਉੜਮੁੜ(ਵਰਿੰਦਰ)— ਟਾਂਡਾ ਸ਼੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਰੜਾ ਨਜ਼ਦੀਕ ਬੀਤੀ ਦੇਰ ਰਾਤ ਪੁਲ ਦੀ ਰੇਲਿੰਗ ਤੋੜ ਕੇ 10 ਟਾਇਰਾਂ ਟਰਾਲਾ ਬਿਆਸ ਦਰਿਆ 'ਚ ਡਿੱਗ ਗਿਆ। ਰਾਤ ਤੋਂ ਹੀ ਉਲਟੇ ਪਾਣੀ 'ਚ ਡਿੱਗੇ ਹੋਏ ਟਰਾਲੇ ਦੀ ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਬਚਾਅ ਅਤੇ ਟਰਾਲੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪਾਣੀ ਦੇ ਤੇਜ਼ ਵਹਾਅ ਅਤੇ ਕਾਫੀ ਸਮਾਂ ਬੀਤਣ ਤੋਂ ਬਾਅਦ ਟਰਾਲੇ ਦੇ ਚਾਲਕ ਦਰਸ਼ਨ ਸਿੰਘ ਪੁੱਤਰ ਬਚਨ ਸਿੰਘ ਨਿਵਾਸੀ ਸਰਵਨਪੁਰ ਨਾਲ ਅਣਹੋਣੀ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਗੋਤਾਂਖੋਰਾ ਨੇ ਮੰਗਲਵਾਰ ਕਿਸ਼ਤੀ ਦੀ ਮਦਦ ਨਾਲ ਟਰਾਲੇ 'ਚ ਫਸੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕੇ ਘਟਨਾ ਟਰਾਲੇ ਦਾ ਟਾਇਰ ਫਟਣ ਨਾਲ ਵਾਪਰੀ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ ਕੇ ਕ੍ਰੇਨ ਦੀ ਮਦਦ ਨਾਲ ਟਰਾਲੇ ਨੂੰ ਬਾਹਰ ਕੱਢਣ 'ਤੇ ਹੀ ਨੁਕਸਾਨ ਦਾ ਪਤਾ ਚੱਲ ਸਕੇਗਾ। ਫਿਲਹਾਲ ਚਾਲਕ ਜਾਂ ਉਸ ਦੇ ਕਿਸੇ ਸੰਭਾਵਿਤ ਸਹਯੋਗੀ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ ਹੈ।