ਸੰਘਣੀ ਧੁੰਦ ਨੇ ਲਾਈ ਸਪੀਡ ''ਤੇ ''ਬ੍ਰੇਕ'', ਬੇਹੱਦ ਘੱਟ ਵਿਜ਼ੀਬਿਲਟੀ ਕਾਰਨ ਸੜਕਾਂ ''ਤੇ ''ਰੇਂਗ'' ਰਹੇ ਵਾਹਨ
Sunday, Jan 19, 2025 - 04:47 AM (IST)
ਜਲੰਧਰ (ਪੁਨੀਤ)- ਸਰਦੀ ਵਿਚਕਾਰ ਸੰਘਣੀ ਧੁੰਦ ਕਾਰਨ ਰੇਲ ਗੱਡੀਆਂ ਅਤੇ ਬੱਸਾਂ ਵਿਚ ਦੇਰੀ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਭਾਰਤ ਵਿਚ ਧੁੰਦ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ, ਜਿਸ ਕਾਰਨ ਨਾ ਸਿਰਫ਼ ਮੰਜ਼ਿਲ ਤੱਕ ਪਹੁੰਚਣ ਵਿਚ ਦੇਰੀ ਹੁੰਦੀ ਹੈ, ਸਗੋਂ ਯਾਤਰੀਆਂ ਨੂੰ ਪਲੇਟਫਾਰਮਾਂ ਅਤੇ ਬੱਸ ਅੱਡਿਆਂ ’ਤੇ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ।
ਰੇਲਵੇ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਸਥਿਤੀ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਸੇਵਾਦਾਰ ਨੂੰ ਪੈ ਗਿਆ ਦੌਰਾ, ਗੁਰੂਘਰ ਵਿਖੇ ਪਾਣੀ ਦੇ ਟੱਬ 'ਚ ਡੁੱਬਣ ਕਾਰਨ ਹੋ ਗਈ ਮੌਤ
ਦੇਖਣ ਵਿਚ ਆ ਰਿਹਾ ਹੈ ਕਿ ਧੁੰਦ ਕਾਰਨ ਹਰ ਪਾਸੇ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸੇ ਸਿਲਸਿਲੇ ਵਿਚ ਧੁੰਦ ਕਾਰਨ ਬੱਸਾਂ ਚਲਾਉਣਾ ਵੀ ਪ੍ਰੇਸ਼ਾਨੀਆਂ ਭਰਿਆ ਜਾਪ ਰਿਹਾ ਹੈ, ਹਾਲਾਂਕਿ ਬੱਸਾਂ ਦੀਆਂ ਲਾਈਟਾਂ ਵੱਡੀਆਂ ਹੁੰਦੀਆਂ ਹਨ ਪਰ ਇਸਦੇ ਬਾਵਜੂਦ ਧੁੰਦ ਦਾ ਜ਼ੋਰ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ। ਬੱਸ ਚਾਲਕਾਂ ਦਾ ਕਹਿਣਾ ਹੈ ਕਿ ਹਾਈਵੇ ’ਤੇ ਸਵੇਰ ਅਤੇ ਰਾਤ ਦੇ ਸਮੇਂ ਧੁੰਦ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਥਾਵਾਂ ’ਤੇ ਵਾਹਨ ਰੇਂਗ ਕੇ ਚੱਲਦੇ ਹੋਏ ਦੇਖਣ ਨੂੰ ਮਿਲ ਰਹੇ ਹਨ।
ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਬਾਅਦ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਧੁੰਦ ਨੇ ਪੈਰ ਪਸਾਰ ਲਏ ਸਨ। ਰਾਤ 11 ਵਜੇ ਤੋਂ ਬਾਅਦ ਸ਼ਹਿਰ ਦੀਆਂ ਵਧੇਰੇ ਸੜਕਾਂ ’ਤੇ ਟ੍ਰੈਫਿਕ ਬੇਹੱਦ ਘੱਟ ਨਜ਼ਰ ਆ ਰਹੀ ਸੀ। ਮੌਸਮ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿਉਂਕਿ ਧੁੰਦ ਦੇ ਕਹਿਰ ਤੋਂ ਐਤਵਾਰ ਰਾਤ ਤਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਦੂਜੇ ਪਾਸੇ ਟ੍ਰੇਨਾਂ ਦੀ ਦੇਰੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਅਤੇ ਹੋਰ ਤਕਨੀਕੀ ਕਾਰਨਾਂ ਕਰ ਕੇ ਟ੍ਰੇਨਾਂ ਟਾਈਮ ’ਤੇ ਨਹੀਂ ਚੱਲ ਪਾ ਰਹੀਆਂ। ਰੇਲਵੇ ਦੇ ਸੂਤਰਾਂ ਅਨੁਸਾਰ ਟ੍ਰੈਕ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਟ੍ਰੇਨਾਂ ਨੂੰ ਮੱਠੀ ਰਫਤਾਰ ਨਾਲ ਚਲਾਉਣਾ ਪੈਂਦਾ ਹੈ। ਇਸ ਨਾਲ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਵਰਗੀਆਂ ਮਹੱਤਵਪੂਰਨ ਟ੍ਰੇਨਾਂ ਵੀ ਲੇਟ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e